ਭਾਮੀਆਂ ਕਲਾਂ, 14 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦ ਪਿੰਡ ਢੇਰੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਬਿਜਲੀ ਦੇ ਲੰਬੇ ਲੰਬੇ ਕੱਟਾਂ ਤੋਂ ਬੇਹੱਦ ਦੁਖੀ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਉਂਝ ਤਾਂ ਇਹ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ, ਪਰ ਪਿਛਲੇ ਤਿੰਨ ਦਿਨ ਤੋਂ ਅਸੀਂ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਬਹੱਦ ਦੁਖੀ ਹਾਂ, ਕਿਉਂਕਿ ਸਬੰਧਿਤ ਵਿਭਾਗ ਦੇ ਟੋਲ ਫਰੀ ਨੰਬਰ 1912 ਤੇ ਵਾਰ-ਵਾਰ ਸੰਪਰਕ ਕਰਨ 'ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ | ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਬੀਤੀ ਰਾਤ ਮਜ਼ਬੂਰਨ ਗੌਂਸਗੜ੍ਹ ਬਿਜਲੀ ਦਫਤਰ ਘੇਰਨਾ ਪਿਆ ਤਾਂ ਕਿ ਸਾਡੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਮੱਸਿਆ ਦਾ ਕੋਈ ਠੋਸ ਹੱਲ ਹੋ ਸਕੇ | ਇਸ ਸੰਬਧੀ ਸੁੰਦਰ ਨਗਰ ਟੈਕਨੀਕਲ ਯੂਨਿਟ ਦੇ ਐਸ.ਡੀ.ਓ. ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਕੋਈ ਤਕਨੀਕੀ ਨੁਕਸ ਕਰਕੇ ਬਿਜਲੀ ਦੀ ਸਮੱਸਿਆ ਆ ਗਈ ਸੀ ਜਿਸ ਨੂੰ 2 ਘੰਟੇ ਵਿਚ ਹੀ ਠੀਕ ਕਰਵਾ ਦਿੱਤਾ ਗਿਆ ਸੀ | ਇਸ ਸਬੰਧੀ ਪਿੰਡ ਢੇਰੀ ਦੇ ਵਸਨੀਕ ਭੁਪਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਰਾਹੋਂ ਰੋਡ 'ਤੇ ਸਥਿਤ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸਦਾ ਕੋਈ ਠੋਸ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ |