ਫੁੱਲਾਂਵਾਲ, 21 ਮਈ (ਮਨਜੀਤ ਸਿੰਘ ਦੁੱਗਰੀ)-ਅੱਜ ਦੁਪਹਿਰ ਸਮੇਂ 200 ਫੁੱਟੀ ਮਿਸਿੰਗ ਲਿੰਕ ਸੜਕ ਸਥਿਤ ਜੈਨ ਮੰਦਰ ਚੌਕ ਵਿਖੇ ਨਿਊ ਵਾਲਮੀਕੀ ਸਮਾਜ ਏਕਤਾ ਸੰਘ ਵਲੋਂ ਗਲਾਡਾ ਅਧੀਨ ਆਉਂਦੀਆਂ ਬਾਹਰੀ ਕਾਲੋਨੀਆਂ ਵਾਸਤੇ ਕੂੜੇ ਦੇ ਅਲੱਗ ਡੰਪ ਦੀ ਮੰਗ ਨੂੰ ਲੈ ਕੇ ਆਪਣੀਆਂ ਕੂੜੇ ਨਾਲ ਭਰੀਆਂ ਰੇਹੜੀਆਂ ਸਮੇਤ ਗਲਾਡਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਸੰਗ ਦੇ ਪ੍ਰਧਾਨ ਓਮਪਾਲ ਚਨਾਲੀਆ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸ਼ਹਿਰੀ ਹੱਦਾਂ ਦੇ ਨਾਲ ਲੱਗਦੀਆਂ ਗਲਾਡਾ ਅਧੀਨ ਆਉਂਦੀਆਂ ਬਾਹਰੀ ਕਾਲੋਨੀਆਂ ਦਾ ਕੂੜਾ ਸੁੱਟਣ ਲਈ ਗਲਾਡਾ ਵਲੋਂ ਕੋਈ ਵੀ ਡੰਪ ਨਹੀਂ ਬਣਾਇਆ ਗਿਆ ਅਤੇ ਨਗਰ ਨਿਗਮ ਅਧੀਨ ਆਉਂਦੇ ਡੰਪ ਵਾਲੇ ਉਨ੍ਹਾਂ ਨੂੰ ਬਾਹਰੀ ਕਾਲੋਨੀਆਂ ਦਾ ਕੂੜਾ ਸੁੱਟਣ ਤੋਂ ਰੋਕਦੇ ਹਨ | ਜਦਕਿ ਗਲਾਡਾ ਵਲੋਂ ਡਿਵੈਲਪਮੈਂਟ ਚਾਰਜਿਜ਼ ਦੇ ਨਾਮ 'ਤੇ ਕਰੋੜਾਂ ਰੁਪਈਆ ਇਹਨਾਂ ਕਾਲੋਨੀਆਂ ਤੋਂ ਇਕੱਠਾ ਕੀਤਾ ਗਿਆ | ਉਨ੍ਹਾਂ ਇਲਾਕੇ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਦਖ਼ਲ ਦੇ ਕੇ ਪਹਿਲ ਦੇ ਆਧਾਰ 'ਤੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ, ਆਖ਼ਰ ਉਹ ਕਾਲੋਨੀਆਂ ਵਿਚੋਂ ਚੁੱਕਿਆ ਕੂੜਾ ਕਿੱਥੇ ਸੁੱਟਣ | ਜਾਮ ਦੌਰਾਨ ਸੜਕ ਉੱਪਰ ਲੰਬਾ ਜਾਮ ਲੱਗਣ ਅਤੇ ਤੇਜ਼ ਗਰਮੀ ਹੋਣ ਕਰਕੇ ਰਾਹਗੀਰ ਹਾਲੋਂ ਬੇਹਾਲ ਰਹੇ | ਇਸ ਰੋਸ ਪ੍ਰਦਰਸ਼ਨ ਦੌਰਾਨ ਸਾਧੂ ਰਾਮ, ਰਜੇਸ਼, ਪ੍ਰਮੋਦ ਮਾਸਟਰ, ਸੁਰੇਸ਼ ਕੁਮਾਰ, ਰਾਮ ਪ੍ਰਸਾਦ, ਚਨਾਲੀਆ, ਪਿੰਟੂ, ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਘ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ |