ਆਲਮਗੀਰ, 25 ਮਈ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਬੀਤੇ 10 ਦਿਨਾਂ 'ਚ ਡੀਜ਼ਲ, ਪੈਟਰੋਲ, ਐਲ.ਪੀ.ਜੀ., ਸੀ.ਐਨ.ਜੀ. ਆਦਿ 'ਚ ਲਗਾਤਾਰ ਚੌਥੀ ਵਾਰ ਵਾਧਾ ਕਰਕੇ ਦੇਸ਼ ਵਾਸੀਆਂ ਨੂੰ ਮਹਿੰਗਾਈ ਦੀ ਤਪਦੀ ਭੱਠੀ 'ਚ ਝੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚਿੱਟੇ ਦਿਨ ਵਿਸ਼ਵ ਗੁਰੂ ਬਣਨ ਦੇ ਸੁਪਨੇ ਦੇਖ ਰਹੇ ਭਾਰਤ ਦੇਸ਼ ਕੋਲ ਕੀ ਇੰਨਾ ਵੀ ਭੰਡਾਰ ਨਹੀਂ ਕਿ ਉਹ ਆਪਣੇ ਦੇਸ਼ ਦੇ ਬਾਸ਼ਿੰਦਿਆਂ ਨੂੰ ਈਧਨ ਅਤੇ ਐਲ.ਪੀ.ਜੀ. ਦੀ ਸਪਲਾਈ ਪੂਰੀ ਕਰ ਸਕੇ | ਬਾਹਰਲੇ ਪਾਸੇ ਦੋ ਦੇਸ਼ਾਂ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਭਾਰਤ ਦੇਸ਼ ਅੰਦਰ ਆਮ ਜ਼ਰੂਰਤ ਦੀਆਂ ਚੀਜ਼ਾਂ ਦੇ ਨਿੱਤ ਦਿਨ ਰੇਟ ਵਧਾਉਣੇ ਬਿਲਕੁਲ ਜਾਇਜ਼ ਨਹੀਂ ਹਨ, ਕਿਉਂਕਿ ਭਾਰਤ ਦੇਸ਼ ਯੁੱਧ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਰਿਹਾ | ਸੂਬਾ ਸਕੱਤਰ ਸਰੀਂਹ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਭਾਰਤ ਦੇਸ਼ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੋਈ ਰਾਹਤ ਮਿਲ ਸਕੇ |