ਫੁੱਲਾਂਵਾਲ, 25 ਮਈ (ਮਨਜੀਤ ਸਿੰਘ ਦੁੱਗਰੀ)-ਹਰ ਘਰ ਅਤੇ ਹਰ ਜਨ ਤੱਕ ਯੋਗ ਪਹੁੰਚਾਉਣ ਲਈ ਮੋਰਾਰ ਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਤੋਂ 100 ਦਿਨ ਪਹਿਲਾਂ 13 ਮਾਰਚ 2026 ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਚ ਆਯੂਸ਼ ਮੰਤਰੀ ਭਾਰਤ ਸਰਕਾਰ ਦੁਆਰਾ ਦੇਸ਼ ਦੇ ਵੱਖ ਵੱਖ 100 ਖੇਤਰਾਂ ਵਿਚ 100 ਯੋਗ ਮਹਾਂਉਤਸਵ 2026 ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਤਹਿਤ ਅਰਚਨਾ ਯੋਗਾਯਤਨ ਨਵੀਂ ਦਿੱਲੀ ਵਲੋਂ ਯੋਗਾ ਗੁਰੂ ਸੱਤਿਆ ਨਰਾਇਣ ਯਾਦਵ ਦੀ ਅਗਵਾਈ ਵਿਚ 28 ਵਾਂ ਯੋਗ ਮਹਾਂਉਤਸਵ 2026 ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ | ਇਸ ਕਰਵਾਏ ਯੋਗ ਸਮਾਗਮ ਵਿਚ ਵਿਦਿਆਰਥੀਆਂ, ਸਕੂਲ ਅਧਿਆਪਕਾਂ, ਉਨ੍ਹਾਂ ਦੇ ਮਾਪਿਆਂ, ਸਰਪੰਚਾਂ, ਪੰਚਾਇਤ ਮੈਂਬਰਾਂ, ਪਿੰਡਾਂ ਦੇ ਹੋਰ ਅਨੇਕਾਂ ਲੋਕਾਂ ਨੇ ਸ਼ਿਰਕਤ ਕੀਤੀ | ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਮੰਚ ਸੰਚਾਲਨ ਕਰਦਿਆਂ ਸ਼ਮੂਲੀਅਤ ਕਰਨ ਵਾਲ਼ਿਆਂ ਨੂੰ ਜੀ ਆਇਆਂ ਆਖਿਆ | ਸਕੂਲ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੇ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਕਰਵਾਏ ਆਯੋਜਨ ਲਈ ਸ਼੍ਰੀ ਸੱਤਿਆ ਨਰਾਇਣ ਯਾਦਵ ਜੀ ਦਾ ਧੰਨਵਾਦ ਕੀਤਾ | ਸਭ ਤੋਂ ਪਹਿਲਾਂ ਸ਼ਮ੍ਹਾਂ ਰੌਸ਼ਨ ਕੀਤੀ | ਸਮਾਗਮ ਵਿਚ ਸ਼ਾਮਿਲ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਵਾਗਤ ਦੇ ਨਾਲ਼ ਨਾਲ਼ ਸਨਮਾਨ ਚਿੰਨ੍ਹ ਦਿੱਤੇ ਗਏ | ਯੋਗਾ ਸਬੰਧੀ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦੇ ਜਵਾਬ ਦੇਣ ਵਾਲ਼ਿਆਂ ਨੂੰ ਬੈਗ ਇਨਾਮ ਵਜੋਂ ਦਿੱਤੇ ਗਏ | ਸ੍ਰੀ ਸੱਤਿਆ ਨਰਾਇਣ ਯਾਦਵ ਨੇ ਯੋਗ ਨਾਲ਼ ਜੁੜ ਕੇ ਮਿਲਣ ਵਾਲ਼ੇ ਮਹੱਤਵ ਬਾਰੇ ਦੱਸਦਿਆਂ ਯੋਗਾ ਕਿਰਿਆਵਾਂ ਕਰਵਾਈਆਂ | ਯੋਗਾ ਸੈਸ਼ਨ ਤੋਂ ਬਾਅਦ ਪੁੰਗਰੀਆਂ ਦਾਲਾਂ ਅਤੇ ਫਲ਼ਾਂ ਵਾਲੇ ਵਿਸ਼ੇਸ਼ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਮੋਹਨ ਸਰੂਪ ਸੀਨੀਅਰ ਫ਼ੀਲਡ ਮੈਨੇਜਰ ਇਫਕੋ, ਗੁਰਪ੍ਰੀਤ ਸਿੰਘ ਸੇਲਜ਼ ਮੈਨੇਜਰ ਇਫਕੋ, ਸਰਪੰਚ ਰਘਵੀਰ ਸਿੰਘ ਖੇੜੀ, ਗੁਰਪਾਲ ਸਿੰਘ ਸਾਬਕਾ ਸਰਪੰਚ ਖੇੜੀ, ਗੁਰਪ੍ਰੀਤ ਸਿੰਘ ਗਰੇਵਾਲ, ਵਿਵੇਕ ਮੋਂਗਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਰਾਭਾ ਨਗਰ, ਸੋਮਾ ਖੇੜੀ, ਭੁਪਿੰਦਰ ਸਿੰਘ ਰਿੰਕੂ, ਸਕੂਲ ਸਟਾਫ਼ ਅਤੇ ਹੋਰ ਸ਼ਖ਼ਸੀਅਤਾਂ ਯੋਗ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਭਰਪੂਰ ਆਨੰਦ ਮਾਣਿਆ |