ਲੁਧਿਆਣਾ, 28 ਮਈ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਵਲੋਂ ਹਰ ਸਾਲ ਵਾਂਗ ਸਤੰਬਰ ਮਹੀਨੇ ਦੇ ਕਿਸਾਨ ਮੇਲੇ ਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਇਸ ਵਾਰ ਵੀ ਇਨ੍ਹਾਂ ਸਨਮਾਨਾਂ ਲਈ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਅਰਜ਼ੀਆਂ ਦੀ ਮੰਗੀ ਕੀਤੀ ਗਈ ਹੈ | ਪੀ.ਏ.ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਇਨਾਮਾਂ ਵਿਚ ਦਲੀਪ ਸਿੰਘ ਧਾਲੀਵਾਲ ਪੁਰਸਕਾਰ ਪ੍ਰਮੁੱਖ ਹੈ ਇਹ ਪੁਰਸਕਾਰ ਪੰਜਾਬ ਦੇ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ 'ਚ ਖੁਦ ਫ਼ਸਲਾਂ ਉਗਾਉਂਦੇ ਹਨ | ਇਸ ਪੁਰਸਕਾਰ ਵਿਚ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਵੀ ਸ਼ਾਮਿਲ ਹੈ | ਇਸੇ ਤਰ੍ਹਾਂ ਪਰਵਾਸੀ ਭਾਰਤੀ ਪੁਰਸਕਾਰ ਵੰਨ-ਸਵੰਨੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ | ਇਸ ਪੁਰਸਕਾਰ ਵਿਚ ਅੱਠ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਂਦਾ ਹੈ | ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਆਪਣੀ ਕੁੱਲ ਜ਼ਮੀਨ 'ਚੋਂ ਘੱਟੋ ਘੱਟ 60 ਫ਼ੀਸਦੀ ਰਕਬੇ 'ਤੇ ਸਬਜ਼ੀਆਂ ਬੀਜਦੇ ਹਨ | ਇਸ ਪੁਰਸਕਾਰ 'ਚ 3100 ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ | ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਖੁਦ ਖੇਤੀ ਕਰਦੇ ਹੋਣ | ਇਸ ਸਨਮਾਨ ਦੀ ਰਾਸ਼ੀ ਪੰਜ ਹਜ਼ਾਰ ਰੁਪਏ ਹੋਵੇਗੀ | ਸਰਦਾਰਨੀ ਜਗਬੀਰ ਕੌਰ ਮੈਮੋਰੀਅਲ ਇੰਨੋਵੇਟਿਵ ਵੁਮੈਨ ਫਾਰਮਰ ਐਵਾਰਡ ਸਿਰਫ਼ ਅਗਾਂਹਵਧੂ ਕਿਸਾਨ ਬੀਬੀਆਂ ਲਈ ਹੀ ਰਾਖਵਾਂ ਹੈ ਜੋ ਖੇਤੀ ਅਤੇ ਉਸ ਨਾਲ ਸੰਬੰਧਿਤ ਕਾਰੋਬਾਰ ਨਾਲ ਜੁੜੀਆਂ ਹੋਣ | ਇਸ 'ਚ ਕਿਸਾਨ ਬੀਬੀ ਨੂੰ 3100 ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਸ਼ਲਾਘਾ ਪੱਤਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਭਾਈ ਬਾਬੂ ਸਿੰਘ ਬਰਾੜ ਬੈੱਸਟ ਪੌਂਡ ਐਵਾਰਡ ਦਿੱਤਾ ਜਾਵੇਗਾ | ਇਸਦੀ ਰਾਸ਼ੀ 20,000 ਰੁਪਏ ਅਤੇ ਸਨਮਾਨ ਚਿੰਨ੍ਹ ਹੈ | ਇਸਦੀ ਲਾਜ਼ਮੀ ਸ਼ਰਤ 'ਚ ਘੱਟੋ ਘੱਟ 2 ਕਨਾਲ ਰਕਬੇ ਵਿਚ 4 ਫੁੱਟ ਡੂੰਘਾ ਛੱਪੜ ਹੋਵੇ ਜਿਸਦੀ ਸਫ਼ਾਈ ਅਤੇ ਪ੍ਰਬੰਧ ਦੁਆਰਾ ਪਾਣੀ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ | ਇਹਨਾਂ ਸ਼ਰਤਾਂ ਤੇ ਖਰਾ ਉਤਰਨ ਵਾਲੇ ਪਿੰਡ ਜਾਂ ਕਸਬੇ ਨੂੰ ਇਹ ਇਨਾਮ ਪ੍ਰਦਾਨ ਕੀਤਾ ਜਾਵੇਗਾ | ਇਹ ਸਾਰੇ ਪੁਰਸਕਾਰ ਸਤੰਬਰ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਵਿਚ ਦਿੱਤੇ ਜਾਣਗੇ | ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਵਾਸਤੇ ਅਗਾਂਹਵਧੂ ਕਿਸਾਨ ਆਪੋ-ਆਪਣੇ ਜ਼ਿਲਿ੍ਹਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਪ ਨਿਰਦੇਸ਼ਕ, ਖੇਤੀ ਖੋਜ ਕੇਂਦਰਾਂ ਦੇ ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਬਾਗ਼ਬਾਨੀ ਵਿਭਾਗ ਦੇ ਉਪ ਨਿਰਦੇਸ਼ਕ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਮੁੱਖ ਦਫ਼ਤਰ, ਪੀ.ਏ.ਯੂ. ਲੁਧਿਆਣਾ ਤੋਂ ਨਿਸ਼ਚਤ ਫਾਰਮ ਹਾਸਲ ਕਰ ਸਕਦੇ ਹਨ | ਇਹ ਫਾਰਮ ਭਰਨ ਉਪਰੰਤ 30 ਜੂਨ, 2026 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਦੇ ਮੁੱਖ ਦਫ਼ਤਰ ਤੱਕ ਪਹੁੰਚਾਉਣੇ ਜ਼ਰੂਰੀ ਹਨ | ਡਾ. ਮੱਖਣ ਸਿੰਘ ਭੁੱਲਰ ਨੇ ਇਹ ਵੀ ਦੱਸਿਆ ਕਿ ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਪ੍ਰਵਾਨ ਕੀਤੀ ਜਾਵੇਗੀ |