ਫੁੱਲਾਂਵਾਲ, 29 ਮਈ (ਮਨਜੀਤ ਸਿੰਘ ਦੁੱਗਰੀ)-ਕੈਨੇਡਾ ਵਿਖੇ 13ਵੇਂ ਅੰਤਰਰਾਸ਼ਟਰੀ ਮਾਂ ਬੋਲੀ ਫ਼ਿਲਮ ਮੇਲੇ ਵਿਚ ਲਘੂ ਫ਼ਿਲਮ 'ਸਕਰੀਨ ਬੁਖ਼ਾਰ' ਨੂੰ ਵਧੀਆ ਸਮਾਜਿਕ ਫ਼ਿਲਮ ਦਾ ਪੁਰਸਕਾਰ ਮਿਲਿਆ ਹੈ | ਇਹ ਫ਼ਿਲਮ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਬਾਲ ਕਲਾਕਾਰਾਂ ਵਲੋਂ ਕਰਮਜੀਤ ਸਿੰਘ ਗਰੇਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ | ਫ਼ਿਲਮ ਦੇ ਕਲਾਕਾਰਾਂ ਨੂੰ ਸਨਮਾਨ ਦੇਣ ਲਈ ਪੈਂਜੀ ਇਕਮਿੰਦਰ ਸਿੰਘ ਟਰੱਸਟ ਦੇ ਸੰਸਥਾਪਕ ਜੈਸਮੀਨ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ | ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਵਲੋਂ ਬਣਾਈ ਲਘੂ ਫ਼ਿਲਮ ਬਾਰੇ ਅਤੇ ਸਕੂਲ ਦੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਦੱਸਿਆ | ਮੁੱਖ ਮਹਿਮਾਨ ਜੈਸਮੀਨ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਖਿਆ ਕਿ ਇਹ ਫ਼ਿਲਮ ਸਮਾਜ ਲਈ ਬਹੁਤ ਵੱਡਾ ਸੁਨੇਹਾ ਹੈ | ਜਿਸ ਤਰ੍ਹਾਂ ਬੱਚੇ, ਜਵਾਨ ਤੇ ਵੱਡੇ ਮੋਬਾਈਲ ਦੇ ਅਤੇ ਸਕਰੀਨਾਂ ਦੇ ਆਦੀ ਹੋ ਚੁੱਕੇ ਹਨ ਇਸ ਤੋਂ ਦੇਖ ਕੇ ਲੱਗਦਾ ਹੈ ਕਿ ਇਸ ਆਦਤ ਨੂੰ ਛੁਡਾਉਣ ਲਈ ਸੈਂਟਰ ਖੋਲ੍ਹਣੇ ਪੈਣਗੇ | ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ਼ ਅੱਗੇ ਵਧਣ ਦਾ ਸੁਨੇਹਾ ਦਿੱਤਾ ਅਤੇ ਆਪਣੇ ਜੀਵਨ ਦੀਆਂ ਪ੍ਰੇਰਨਾਮਈ ਗੱਲਾਂ ਸਾਂਝੀਆਂ ਕੀਤੀਆਂ ਕਿ ਉਹ ਵੀ ਸਰਕਾਰੀ ਸਕੂਲ ਵਿਚ ਪੜ੍ਹ ਕੇ ਨੇਵੀ ਵਿਚ ਵੱਡੇ ਮੁਕਾਮ ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਪੈਂਜੀ ਇਕਮਿੰਦਰ ਸਿੰਘ ਟਰੱਸਟ ਵਲੋਂ ਡਾਕਟਰ ਇਕਬਾਲ ਕੌਰ (ਪੰਜਾਬ ਖੇਡਾਂ ਦੀ ਹਰਫ਼ਨ-ਮੌਲਾ) ਜੋ ਅੱਜਕੱਲ੍ਹ ਅਮਰੀਕਾ ਵਿਚ ਰਹਿ ਰਹੇ ਹਨ ਉਹ ਵੀ ਬੱਚਿਆਂ ਨੂੰ ਆ ਕੇ ਅਸ਼ੀਰਵਾਦ ਦੇਣਗੇ ਅਤੇ ਭਵਿੱਖ ਵਿਚ ਸਕੂਲ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਫ਼ਿਲਮ ਦੇ ਬਾਲ ਕਲਾਕਾਰ ਹਰਲੀਨ ਖ਼ਾਨ, ਸਹਿਜ, ਮਨਜੋਤ ਕੌਰ, ਗੁਰਨੂਰ ਕੌਰ, ਮਨਜੋਤ ਕੌਰ, ਪਲਮੀਤ ਕੌਰ, ਸ਼ਾਹਿਦਾ ਪਰਵੀਨ, ਹਰਪ੍ਰੀਤ ਕੌਰ, ਅਧਿਆਪਕਾ ਸੁਪਰੀਤ ਸ਼ਰਮਾ ਅਤੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਾਜ਼ਰ ਸਕੂਲ ਅਧਿਆਪਕ ਕੁਲਵਿੰਦਰ ਕੌਰ, ਸੋਨੀਆ, ਗੀਤਿਕਾ, ਮਨਦੀਪ ਕੌਰ, ਭਾਨੂ, ਸਿਮਰਪ੍ਰੀਤ ਕੌਰ, ਉਪਿੰਦਰ ਕੌਰ, ਸੁਮਨ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ |