ਲੁਧਿਆਣਾ, 2 ਜੂਨ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਤੇ ਕੇਂਦਰ ਸਰਕਾਰ ਦੇ ਪੱਧਰ ਦੀਆਂ ਮੰਗਾਂ ਅਤੇ ਸੂਬੇ ਦੀਆਂ ਮੰਗਾਂ ਅੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤੇ ਗਏ | ਡੀ.ਸੀ. ਦਫਤਰ ਮੂਹਰੇ ਧਰਨੇ ਦੌਰਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਖੇਤੀਬਾੜੀ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਅਰਥਚਾਰੇ ਨਾਲ ਜੁੜੇ ਮੁੱਦਿਆਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | (ਬੀਬੀਐਮਬੀ) ਵਿਚ ਪੰਜਾਬ ਦੀ ਪੱਕੀ ਨੁਮਾਇੰਦਗੀ, ਖੇਤੀ ਲਈ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ, ਕੀਮਤ ਵਿਚ ਵਾਧੇ ਨੂੰ ਵਾਪਸ ਲੈਣ, ਸਬਸਿਡੀ ਬਹਾਲ ਕਰਨ ਦੀ ਮੰਗ ਕੀਤੀ ਗਈ | ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਰੱਦ ਕਰਨ, ਐਮਐਸਪੀ ਤੋਂ ਘੱਟ ਕੀਮਤ 'ਤੇ ਖਰੀਦ ਨੂੰ ਸਜ਼ਾਯੋਗ ਅਪਰਾਧ ਘੋਸ਼ਿਤ ਕਰਨ ਅਤੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੂੰ ਕਾਨੂੰਨੀ ਦਰਜਾ ਦੇਣ ਦੀ ਵੀ ਮੰਗ ਕੀਤੀ ਗਈ | ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਸਹਿਕਾਰੀ ਤੇ ਲੈਂਡ ਮਾਰਗੇਜ਼ ਬੈਂਕਾਂ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਹੈ | ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕਰਦੀ ਰਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਧਰਨੇ ਦੀ ਪ੍ਰਧਾਨਗੀ ਬੀਕੇਯੂ ਉਗਰਾਹਾਂ ਵਲੋਂ ਮਨੋਹਰ ਸਿੰਘ ਕੁਲਾਹੜ, ਜਮਹੂਰੀ ਕਿਸਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ, ਕੁੱਲ ਹਿੰਦ ਕਿਸਾਨ ਸਭਾ 1936 ਦੇ ਚਮਕੌਰ ਸਿੰਘ ਬਰਮੀ, ਬੀਕੇਯੂ ਡਕੌਂਦਾ (ਧੰਨੇਰ) ਦੇ ਹਰਜਿੰਦਰ ਕੌਰ, ਬੀਕੇਯੂ ਲੱਖੋਵਾਲ ਦੇ ਮਨਜੀਤ ਸਿੰਘ ਢੀਂਡਸਾ, ਬੀਕੇਯੂ ਰਾਜੇਵਾਲ ਦੇ ਪ੍ਰਗਟ ਸਿੰਘ ਕੋਟ ਪਨੈਚ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅਚਰਵਾਲ, ਕੁਲ ਹਿੰਦ ਕਿਸਾਨ ਸਭਾ ਹੱਨਨਮੁੱਲਾ ਦੇ ਡਾ: ਗੁਰਵਿੰਦਰ ਸਿੰਘ, ਪੰਜਾਬ ਕਿਸਾਨ ਸਭਾ ਦੇ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਦੇ ਆਧਾਰ ਤੇ ਬਣੇ ਪ੍ਰਧਾਨਗੀ ਮੰਡਲ ਨੇ ਕੀਤੀ | ਸੰਬੋਧਨ ਕਰਨ ਵਾਲੇ ਆਗੂਆਂ ਵਿਚ ਸੌਦਾਗਰ ਸਿੰਘ ਘੁਡਾਣੀ, ਜਗਤਾਰ ਸਿੰਘ ਦੇਹੜਕਾ, ਰਘਵੀਰ ਸਿੰਘ ਬੈਨੀਪਾਲ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਭੱਟੀਆਂ, ਬਲਦੇਵ ਸਿੰਘ ਲਤਾਲਾ, ਬਲਵਿੰਦਰ ਸਿੰਘ ਕੋਠੇ ਪੋਨੇ, ਕੁਲਦੀਪ ਸਿੰਘ ਗਰੇਵਾਲ, ਜਸਵੀਰ ਝੱਜ, ਹਰਦੀਪ ਸਿੰਘ ਭਰਥਲਾ ਅਤੇ ਕੁਲ ਹਿੰਦ ਕਿਸਾਨ ਸਭਾ 1936 ਦੇ ਸੂਬਾਈ ਆਗੂ ਸੂਰਤ ਸਿੰਘ ਧਰਮਕੋਟ ਸ਼ਾਮਿਲ ਸਨ |