ਲੁਧਿਆਣਾ, 8 ਜੂਨ (ਭੁਪਿੰਦਰ ਸਿੰਘ ਬੈਂਸ)-ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ 'ਮਿਸ਼ਨ ਕਲੀਨ ਪੰਜਾਬ' ਤਹਿਤ ਕੰਮ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਸੋਮਵਾਰ ਸਵੇਰੇ ਫੀਲਡ ਵਿਚ ਉਤਰੇ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਅਚਨਚੇਤ ਨਿਰੀਖਣ ਕੀਤੇ | ਜਿੱਥੇ ਕਿ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਵਲੋਂ ਅਚਨਚੇਤ ਨਿਰੀਖਣ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾਰੀ ਰਿਹਾ, ਉਥੇ ਹੀ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਨਿਗਰਾਨੀ ਕੀਤੀ | ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਵਲੋਂ ਅਚਨਚੇਤ ਨਿਰੀਖਣ ਸਵੇਰੇ 7 ਵਜੇ ਸ਼ੁਰੂ ਹੋਏ ਅਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੇ | ਡਾ. ਗੁਪਤਾ ਨੇ ਪਵੇਲੀਅਨ ਮਾਲ, ਕਿਤਾਬ ਮਾਰਕੀਟ, ਨਗਰ ਨਿਗਮ ਜ਼ੋਨ ਏ ਦਫ਼ਤਰ ਦੇ ਨੇੜੇ, ਮਾਡਲ ਟਾਊਨ ਨੇੜੇ ਸਕੂਟਰ ਮਾਰਕੀਟ, ਚੀਮਾ ਚੌਕ, ਡਿਵੀਜ਼ਨ ਨੰਬਰ 3 ਚੌਕ, ਪ੍ਰਤਾਪ ਚੌਕ ਸਮੇਤ ਹੋਰ ਇਲਾਕਿਆਂ ਦਾ ਨਿਰੀਖਣ ਕੀਤਾ | ਇਸੇ ਤਰ੍ਹਾਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਸੰਯੁਕਤ ਕਮਿਸ਼ਨਰ ਅਮਨਪ੍ਰੀਤ ਸਿੰਘ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਆਪਣੇ-ਆਪਣੇ ਇਲਾਕਿਆਂ ਦਾ ਨਿਰੀਖਣ ਕੀਤਾ | ਸ਼ਹਿਰ ਭਰ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ | ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਦੱਸਿਆ ਕਿ ਸ਼ਹਿਰ ਦੇ ਇਲਾਕਿਆਂ ਨੂੰ ਸ਼ਹਿਰ ਦੇ 10 ਕਿੱਲੋਮੀਟਰ ਦੇ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਹਰ 10 ਕਿੱਲੋਮੀਟਰ ਦੇ ਹਿੱਸੇ 'ਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਇਕ ਅਧਿਕਾਰੀ ਤਾਇਨਾਤ ਗਿਆ ਹੈ | ਸਿਹਤ ਸ਼ਾਖਾ, ਬੀ. ਐਂਡ ਆਰ. ਸ਼ਾਖਾ, ਓ. ਐਂਡ ਐਮ. ਸੈਲ, ਤਹਿਬਾਜ਼ਾਰੀ ਸ਼ਾਖਾ ਸਮੇਤ ਸਾਰੇ ਨਗਰ ਨਿਗਮ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਡਾ. ਗੁਪਤਾ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਫ਼ਾਈ ਦੇ ਸੰਦਰਭ ਵਿਚ ਜ਼ਮੀਨੀ ਪੱਧਰ 'ਤੇ ਕੋਈ ਵੀ ਊਣਤਾਈ ਪਾਈ ਜਾਂਦੀ ਹੈ ਤਾਂ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਾ. ਗੁਪਤਾ ਨੇ ਕਿਹਾ ਕਿ ਅਚਨਚੇਤ ਨਿਰੀਖਣ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ |