ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਨੇੜੇ ਜਾ ਰਹੇ ਐਲੀਵੇਟਿਡ ਪੁਲ ‘ਤੇ ਹੋਏ ਸੜਕ ਹਾਦਸੇ ਦੌਰਾਨ ਪੁਲ ਤੋਂ ਹੇਠਾਂ ਡਿੱਗਣ ਕਾਰਨ ਇਕ ਸਕੂਟਰ ਸਵਾਰ ਦੀ ਮੌਤ ਹੋ ਗਈ, ਜਦਕਿ ਸਾਥੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਵਿਪਨ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 40 ਸਾਲ ਦੇ ਕਰੀਬ ਸੀ। ਵਿਪਨ ਆਪਣੇ ਦੋਸਤ ਰਾਜਾ ਨਾਲ ਪੁਲ ‘ਤੇ ਜਾ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਤੋਂ ਬਾਅਦ ਵਿਪਨ ਪੁਲ ਤੋਂ ਹੇਠਾਂ ਡਿਗ ਪਿਆ ਅਤੇ ਮੌਕੇ ‘ਤੇ ਹੀ ਦਮ ਤੋੜ ਗਿਆ, ਜਦਕਿ ਉਸ ਦਾ ਦੋਸਤ ਰਾਜਾ ਜ਼ਖਮੀ ਹੋ ਗਿਆ। ਵਿਪਨ ਇੱਥੇ ਇਕ ਚਿਕਨ ਕਾਰਨਰ ‘ਤੇ ਕੰਮ ਕਰਦਾ ਸੀ। ਮੂਲ ਰੂਪ ਵਿਚ ਉਹ ਬਿਹਾਰ ਦਾ ਰਹਿਣ ਵਾਲਾ ਸੀ, ਪਰ ਪਿਛਲੇ 15 ਸਾਲ ਤੋਂ ਉਹ ਲੁਧਿਆਣਾ ਵਿਖੇ ਹੀ ਰਹਿ ਰਿਹਾ ਸੀ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੀਆਂ ਚਾਰ ਲੜਕੀਆਂ ਹਨ।