ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਪੱਖੋਵਾਲ ਰੋਡ ਸਥਿਤ ਆਰ.ਓ.ਬੀ. ਤੋਂ ਸ਼ੁਰੂ ਹੋਕੇ ਸਿਧਵਾਂ ਨਹਿਰ ਦੇ ਨਾਲ-ਨਾਲ ਮਾਡਲ ਟਾਊਨ ਐਕਸਟੈਨਸ਼ਨ ਰਾਹੀ ਦੁੱਗਰੀ ਪੁਲ ਤਕ ਬਣਾਈ ਗਈ ਮਿੰਨੀ ਸੈਰਗਾਹ ਪੱਟੀ ਅੱਜ ਬਦਹਾਲੀ ਦਾ ਸ਼ਿਕਾਰ ਹੋ ਚੁੱਕੀ ਹੈ। ਕਦੇ ਇਲਾਕਾ ਨਿਵਾਸੀਆਂ ਦੀ ਖਿੱਚ ਦਾ ਕੇਂਦਰ ਰਹੀ ਇਹ ਸੈਰਗਾਹ ਹੁਣ ਨਿਗਮ ਦੀ ਅਣਦੇਖੀ ਅਤੇ ਲਾਪਰਵਾਹੀ ਕਾਰਨ ਆਪਣੀ ਰੌਣਕ ਗੁਆ ਬੈਠੀ ਹੈ। ਇਸ ਪ੍ਰਾਜੈਕਟ ’ਤੇ ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਖ਼ਰਚ ਕਰਕੇ ਬਾਊਂਡਰੀ ਕੰਧ, ਰੰਗ ਰੋਗਨ, ਬਿਜਲੀ ਦੀਆਂ ਲਾਈਟਾਂ ਅਤੇ ਹਰਿਆਵਲੀ ਨਾਲ ਇਕ ਸੁੰਦਰ ਸੈਰਗਾਹ ਤਿਆਰ ਕੀਤੀ ਗਈ ਸੀ ਤਾਂ ਜੋ ਲੋਕ ਸਵੇਰ ਸ਼ਾਮ ਇੱਥੇ ਸੈਰ ਕਰ ਸਕਣ ਅਤੇ ਆਰਾਮ ਦੇ ਪਲ ਬਿਤਾ ਸਕਣ, ਪਰ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੌਰਾਨ ਹੋਏ ਕੰਮ ਕਾਰਨ ਇਸ ਸੈਰਗਾਹ ਪੱਟੀ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਸੜਕ ਕਿਨਾਰੇ ਸਬਜ਼ੀਆਂ ਅਤੇ ਹੋਰ ਸਾਮਾਨ ਵੇਚਣ ਵਾਲਿਆਂ ਵਲੋਂ ਬਾਊਂਡਰੀ ਤੋੜ ਕੇ ਇਸ ਥਾਂ ਦੀ ਬੇਤਰਤੀਬ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਹਾਲਾਤ ਹੋਰ ਮਾੜੇ ਹੋ ਗਏ ਹਨ। ਮੌਜੂਦਾ ਹਾਲਤ ਇੰਨੀ ਖ਼ਰਾਬ ਹੈ ਕਿ ਕਈ ਥਾਵਾਂ ‘ਤੇ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ। ਥਾਂ-ਥਾਂ ਨੰਗੀਆਂ ਬਿਜਲੀ ਦੀਆਂ ਤਾਰਾਂ ਖੁੱਲ੍ਹੀਆਂ ਪਈਆਂ ਹਨ। ਜਦਕਿ ਲਗਾਈਆਂ ਗਈਆਂ ਕਈ ਲਾਈਟਾਂ ਟੁੱਟ ਚੁੱਕੀਆਂ ਜਾ ਗ਼ਾਇਬ ਹੋ ਚੁੱਕੀਆਂ ਹਨ। ਇਸ ਕਾਰਨ ਲੋਕਾਂ ਨੇ ਵੀ ਇੱਥੇ ਆਉਣਾ ਲਗਭਗ ਬੰਦ ਕਰ ਦਿੱਤਾ ਹੈ। ਲੋਕਾਂ ਦੇ ਪੈਸੇ ਨਾਲ ਬਣੀ ਇਸ ਸਹੂਲਤ ਦੀ ਅਜਿਹੀ ਬਦਹਾਲੀ ਕਈ ਸਵਾਲ ਖੜ੍ਹੇ ਕਰਦੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਿਗਮ ਅਤੇ ਸਬੰਧਿਤ ਵਿਭਾਗ ਜ਼ਿੰਮੇਵਾਰ ਏਜੰਸੀ ਦੀ ਜਵਾਬਦੇਹੀ ਤੈਅ ਕਰਕੇ ਤੁਰੰਤ ਕਾਰਵਾਈ ਕਰਨ ਅਤੇ ਮਿੰਨੀ ਸੈਰਗਾਹ ਪੱਟੀ ਨੂੰ ਪਹਿਲਾਂ ਵਾਂਗ ਸੁੰਦਰ, ਸਾਫ਼ ਸੁਥਰੀ ਅਤੇ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਲੋਕ ਮੁੜ ਇਸ ਦਾ ਲਾਭ ਲੈ ਸਕਣ।