ਆਲਮਗੀਰ, 24 ਜੂਨ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਰਣੀਆਂ ਦੀ ਮੁੱਖ ਸੜਕ ਵਿਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਰਾਹਗੀਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਬਾਸ਼ਿੰਦਿਆਂ ਨੇ ਦੱਸਿਆ ਕਿ ਜੀ.ਟੀ. ਰੋਡ ਤੋਂ ਪਿੰਡ ਨੂੰ ਆਉਂਦੀ ਮੁੱਖ ਸੜਕ ‘ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਜਿੱਥੇ ਵਾਹਣਾ ਦਾ ਬੁਰਾ ਹਾਲ ਹੋ ਰਿਹਾ ਹੈ, ਉਥੇ ਹੀ ਬਰਸਾਤ ਦੀਆਂ ਦੋ-ਚਾਰ ਕਣੀਆਂ ਪੈਣ ‘ਤੇ ਪਾਣੀ ਭਰ ਜਾਂਦਾ ਹੈ ਅਤੇ ਖੱਡਿਆਂ ਦਾ ਪਤਾ ਨਹੀਂ ਲੱਗਦਾ, ਜਿਸ ਦੇ ਚੱਲਦੇ ਦੋ ਪਹੀਆ ਵਾਹਨ ਚਾਲਕ ਆਮ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਸੂਬਾ ਪੰਜਾਬ ਅੰਦਰ ਵਿਕਾਸ ਕਾਰਜ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਹਨ, ਪਰ ਵਿਕਾਸ ਕਾਰਜ ਸੰਪੂਰਨ ਹੋਣ ਉਪਰੰਤ ਮੁੜ ਉਨ੍ਹਾਂ ਵਿਕਾਸ ਕੰਮਾਂ ਦੀ ਖ਼ਬਰ-ਸਾਰ ਨਹੀਂ ਲਈ ਜਾਂਦੀ ਕਿ ਕੰਮ ਮਿਆਰੀ ਅਤੇ ਪਾਰਦਰਸ਼ੀ ਢੰਗ ਨਾਲ ਹੋ ਰਹੇ ਹਨ ਜਾਂ ਨਹੀਂ ਜਿਸ ਦੇ ਚੱਲਦੇ ਸੰਬੰਧਿਤ ਠੇਕੇਦਾਰਾਂ ਵਲੋਂ ਘਟੀਆ ਮੈਟੀਰੀਅਲ ਵਰਤ ਕੇ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਸੜਕਾਂ ਦੇ ਨਵ ਨਿਰਮਾਣ ਉਪਰੰਤ ਕੁੱਝ ਮਹੀਨਿਆਂ ਬਾਅਦ ਹੀ ਖਿੱਲਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਲੀਆਂ, ਸੜਕਾਂ ਬਣਾਉਣ ਦੇ ਠੇਕੇ ਦੇਣ ਸਮੇਂ ਸ਼ਰਤ ਰੱਖੀ ਜਾਵੇ ਕਿ ਸੜਕ ਘੱਟੋ ਘੱਟ ਤਿੰਨ ਸਾਲ ਤੱਕ ਸੜਕ ਟੁੱਟਣੀ ਜਾਂ ਖਿੱਲਰਨੀ ਨਹੀਂ ਚਾਹੀਦੀ ਜੇਕਰ ਉਕਤ ਸਮੇਂ ਦੌਰਾਨ ਸੜਕ ਟੁੱਟੇ ਜਾਂ ਬਜਰੀ ਖਿੱਲਰੇ ਤਾਂ ਸਬੰਧਿਤ ਠੇਕੇਦਾਰ ਨੂੰ ਬਲੈਕ ਲਿਸਟ ਕਰਕੇ ਜਨਤਾ ਦੇ ਖ਼ੂਨ ਪਸੀਨੇ ਦੀ ਕਮਾਈ ਉਸ ਕੋਲੋਂ ਵਸੂਲ ਕੀਤੀ ਜਾਵੇ।
ਪਿੰਡ ਰਣੀਆਂ ਦੀ ਮੁੱਖ ਸੜਕ ਦੀ ਹਾਲਤ ਸੁਧਾਰਨ ਦੀ ਮੰਗ
ਅਜੀਤ ਡੈਸਕ
25-06-2026