ਲੁਧਿਆਣਾ, 1 ਜੁਲਾਈ (ਜਸਵਿੰਦਰ ਸਿੰਘ)-ਸਲੇਮ ਟਾਬਰੀ ਬਹਾਦਰ ਕੇ ਰੋਡ ਦਾਣਾ ਮੰਡੀ ਦੇ ਵਿਚ ਮੰਡੀ ਬੋਰਡ ਦੀ ਜ਼ਮੀਨ ‘ਤੇ ਕਈ ਸਾਲਾਂ ਤੋਂ ਕਬਜ਼ਾ ਕਰਕੇ ਬੈਠੇ ਰੇਤ ਕਾਰੋਬਾਰੀਆਂ ਸਮੇਤ ਹੋਰਨਾਂ ਖ਼ਿਲਾਫ਼ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਗਈ। ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ਤੇ ਕਬਜ਼ਾ ਕਰਕੇ ਬੈਠੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਕਈ ਵਾਰੀ ਨੋਟਿਸ ਦੇ ਕੇ ਜਗ੍ਹਾ ਖ਼ਾਲੀ ਕਰਨ ਬਾਰੇ ਕਿਹਾ ਗਿਆ ਸੀ ਪਰ ਇਹਨਾਂ ਵਲੋਂ ਨੋਟਿਸ ਨੂੰ ਹਲਕੇ ਵਿਚ ਲੈਂਦੇ ਹੋਏ ਕਬਜ਼ਾ ਨਹੀਂ ਛੱਡਿਆ ਗਿਆ, ਜਿਸ ਕਾਰਨ ਅੱਜ ਮਾਰਕੀਟ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ਾ ਛਡਾਉਣ ਦੀ ਮੁਹਿੰਮ ਵਿੱਢੀ ਗਈ। ਮਾਰਕੀਟ ਕਮੇਟੀ ਚੇਅਰਮੈਨ ਗੁਰਜੀਤ ਸਿੰਘ ਗਿੱਲ, ਡੀ.ਐਮ.ਓ. ਗੁਰਮਤਪਾਲ ਸਿੰਘ ਗਿੱਲ, ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਸਵੇਰੇ ਹੀ ਇਹਨਾਂ ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਕਾਰਵਾਈ ਦੌਰਾਨ ਰੇਤ ਅਤੇ ਹੋਰ ਸਮਾਨ ਨੂੰ ਪ੍ਰਸ਼ਾਸਨ ਵਲੋਂ ਕਬਜ਼ੇ ਵਿਚ ਲੈ ਲਿਆ ਗਿਆ। ਕਾਰਵਾਈ ਦੌਰਾਨ ਪ੍ਰਸ਼ਾਸਨ ਨਾਲ ਬਹਿਸ ਦਾ ਮਾਮਲਾ ਵੀ ਸਾਹਮਣੇ ਆਇਆ। ਪ੍ਰਸ਼ਾਸਨ ਵਲੋਂ ਕੀਤੀ ਗਈ ਇਹ ਸਖ਼ਤ ਕਾਰਵਾਈ ਤੋਂ ਡਰਦਿਆਂ ਨਾਜਾਇਜ਼ ਕਬਜ਼ਾਧਾਰੀਆਂ ਨੇ ਆਪਣਾ ਸਾਮਾਨ ਚੁੱਕਣ ਲਈ ਇਕ ਦਿਨ ਦਾ ਸਮਾਂ ਮੰਗਿਆ ਜਿਸ ਨੂੰ ਮੌਜੂਦ ਅਧਿਕਾਰੀਆਂ ਨੇ ਆਖ਼ਰੀ ਚਿਤਾਵਨੀ ਦਿੰਦੇ ਹੋਏ ਮੰਨ ਲਿਆ ਤੇ ਇਹ ਵੀ ਕਿਹਾ ਕਿ 24 ਘੰਟੇ ਦਾ ਸਮਾਂ ਬੀਤਣ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ ਨੇ ਸ਼ਰਾਰਤੀ ਅਨਸਰਾਂ ਅਤੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਤਾੜਨਾ ਕਰਦੇ ਕਿਹਾ ਕਿ ਸਰਕਾਰੀ ਜ਼ਮੀਨ ‘ਤੇ ਕਿਸੇ ਨੂੰ ਵੀ ਕੋਈ ਕਬਜ਼ਾ ਕਰਨ ਨਹੀਂ ਦਿੱਤਾ ਜਾਵੇਗਾ। ਜੇਕਰ ਕੋਈ ਵੀ ਮੰਡੀ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ, ਪ੍ਰਸ਼ਾਸਨਿਕ ਹੁਕਮਾਂ ਦੀ ਅਣਦੇਖੀ ਕਰੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿਚ ਲਿਆਂਦੀ ਜਾਵੇਗੀ।