ਲਾਡੋਵਾਲ, 6 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਬਿੱਕਰ ਸਿੰਘ ਨੱਤ ਵਲੋਂ ਨੇੜਲੇ ਪਿੰਡ ਬਹਾਦੁਰ ਕੇ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਪਾਰਕ ਦਾ ਦੌਰਾ ਕੀਤਾ ਗਿਆ, ਜਿੱਥੇ ਪਿੰਡ ਵਾਸੀਆਂ ਵਲੋਂ ਬੀਤੇ ਦਿਨੀਂ ਬਾਬਾ ਸਾਹਿਬ ਦਾ ਸਟੈਚੂ ਲਗਾਇਆ ਗਿਆ ਹੈ। ਇਸ ਮੌਕੇ ਬਿੱਕਰ ਸਿੰਘ ਨੱਤ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਸ਼ਰਧਾ ਸੁਮਨ ਭੇਟ ਕਰਨ ਉਪਰੰਤ ਹਾਜ਼ਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਜੋ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਦਾ ਨਿਰਮਾਣ ਕੀਤਾ ਗਿਆ ਹੈ, ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਦੇ ਲਈ ਆਪ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹੋ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਬਰਾਬਰਤਾ ਦੇ ਹੱਕ, ਅਧਿਕਾਰ ਲੈ ਕੇ ਦਿੱਤੇ, ਔਰਤ ਵਰਗ ਨੂੰ ਉੱਚਾ ਚੁੱਕਣ ਲਈ ਬਣਦਾ ਮਾਨ ਸਨਮਾਨ ਦੇਣਾ, ਸਮੂਹ ਐਸ.ਸੀ. ਵਰਗ ਦੇ ਭਾਈਚਾਰੇ ਨੂੰ ਹਰ ਖੇਤਰ ਵਿਚ ਰਾਖਵਾਂ ਕਰਨ ਦਿਵਾਉਣਾ ਸਾਡੇ ਸਮਾਜ ਦੇ ਲੋਕਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਪ੍ਰਧਾਨ ਸ਼ੀਸ਼ ਸੌਂਧੀ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਸਾਡੇ ਰਹਿਬਰ ਬਣ ਕੇ ਨਾ ਆਉਂਦੇ ਤਾਂ ਇਸ ਦੁਨੀਆ ’ਤੇ ਸਾਡੀ ਕੋਈ ਬਾਂਹ ਫੜਨ ਵਾਲਾ ਵੀ ਨਹੀਂ ਸੀ ਮਿਲਣਾ। ਅੱਜ ਜੋ ਵੀ ਅਸੀਂ ਸੁਖ ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ, ਇਹ ਸਭ ਬਾਬਾ ਸਾਹਿਬ ਦੀ ਹੀ ਦੇਣ ਹੈ ਅਤੇ ਜਿਸ ਮੁਕਾਮ ਨੂੰ ਸਾਡਾ ਸਮਾਜ ਛੂਹ ਚੁੱਕਾ ਹੈ, ਸਾਡੇ ਰੋਮ ਰੋਮ ’ਚੋਂ ਬਾਬਾ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਡੀ ਸੁੱਤੀ ਹੋਈ ਕੌਮ ਨੂੰ ਜਗਾਉਣ ਅਤੇ ਤਾਰਨ ਲਈ ਇਸ ਸੰਸਾਰ ’ਤੇ ਅਵਤਾਰ ਨਾ ਧਾਰਦੇ ਤਾਂ ਸ਼ਾਇਦ ਅਸੀਂ ਪ੍ਰਭੂ ਦੀ ਭਗਤੀ ਅਤੇ ਪੂਜਾ ਪਾਠ ਕਰਨ ਦੇ ਵੀ ਲਾਇਕ ਨਾ ਬਣਦੇ। ਇਸ ਮੌਕੇ ਉਨ੍ਹਾਂ ਵਲੋਂ ਸਕੱਤਰ ਬਿੱਕਰ ਸਿੰਘ ਨੱਤ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਨਗਰ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਆਖਿਆ। ਇਸ ਮੌਕੇ ਬਲਦੇਵ, ਮੰਗਲ ਦਾਸ, ਗੁਰਮੀਤ ਲਾਲ, ਰਾਮਾ, ਮੱਖਣ ਲਾਲ, ਜਗਦੀਸ਼ ਸੰਧੂ, ਗੁਰਮੇਲ ਰਾਮ, ਅਨਮੋਲ ਧਾਲੀਵਾਲ, ਗੁਰੀ ਸੰਧੂ, ਵਿਲਾਤੀ ਰਾਮ, ਜਗਦੀਸ਼ ਲੋਈ, ਸੁਖਵਿੰਦਰ, ਸਾਬੀ ਧਾਲੀਵਾਲ, ਮਨਜੀਤ ਭੱਟੀ, ਸੁਰਜੀਤ ਭੱਟੀ, ਇੰਦਰਜੀਤ ਲੰਗਾਹ, ਰੋਸ਼ਨ ਲਾਲ, ਸ਼ਿਦਾ ਸੰਧੂ, ਬੂਟਾ, ਭਜਨ ਲਾਲ, ਦੇਸ ਰਾਜ, ਸੁੱਚਾ ਰਾਮ ਅਤੇ ਸਾਹਿਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।