ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੀਮਾ ਚੌਕ ਨੇੜੇ ਕੁੱਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਹੋਏ ਲੜਾਈ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਆਗੂਆਂ ਦਾ ਇਕ ਵਫ਼ਦ ਪੁਲਿਸ ਅਧਿਕਾਰੀਆਂ ਨੂੰ ਮਿਲਿਆ। 18 ਜੂਨ ਨੂੰ ਚੀਮਾ ਚੌਕ ਨੇੜੇ ਵਰਕਰਾਂ ਦੀ ਆਪਸ ਵਿਚ ਲੜਾਈ ਹੋ ਗਈ ਸੀ, ਪਰ ਪੁਲਿਸ ਵਲੋਂ ਇਕਤਰਫਾ ਕਾਰਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਸ਼ਿਕਾਇਤ ’ਤੇ ਭਾਰਤੀ ਜਨਤਾ ਪਾਰਟੀ ਆਗੂ ਵਿੱਕੀ ਸਹੋਤਾ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਨ੍ਹਾਂ ਭਾਰਤੀ ਜਨਤਾ ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਇਕਤਰਫਾ ਕਾਰਵਾਈ ਕੀਤੀ ਗਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਆਗੂਆਂ ਦੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੂੰ ਇਸ ਸਾਰੇ ਮਾਮਲੇ ਦੇ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਨੇ ਭਰੋਸਾ ਦਵਾਇਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਇਨ੍ਹਾਂ ਵਰਕਰਾਂ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਗਈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਵਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਬਬਲੂ ਚੌਧਰੀ ਟਾਈਗਰ ਵਾਲਮੀਕਿ ਗੁਰਦੇਵ ਸ਼ਰਮਾ ਦੇਬੀ, ਰਾਜੀਵ ਕੁਮਾਰ ਖੰਨਾ, ਸੰਦੀਪ ਬਾਲੀ ਨੱਬਾ ਰਾਜੂ ਅਨਜਾਨ ਖੋਸਲਾ ਗੁਰਦੀਪ ਸਿੰਘ ਨੀਟੂ, ਪ੍ਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਨੀਟੂ ਬੀ. ਸੋਨੂੰ ਜਲੰਧਰ, ਵਿੱਕੀ ਹੰਸ, ਰਾਜੀਵ ਸ਼ਰਮਾ, ਉਸਮਾਨ, ਸੁਖਪਾਲ ਵਿਸ਼ਾਲ, ਕਪਿਲ ਪਾਸਵਾਨ, ਨਿਰਮਲਾ ਸਹੋਤਾ, ਦੀਪਕ ਕੁਮਾਰ, ਮਨਜੀਤ ਸਹੋਤਾ, ਰਿੰਕਾ, ਰਾਕੇਸ਼ ਕੁਮਾਰ, ਕ੍ਰਿਸ਼ਨ ਨਾਬਾ ਅਤੇ ਵੱਡੀ ਗਿਣਤੀ ਵਿਚ ਹੋਰ ਲੋਕ ਵੀ ਮੌਕੇ ’ਤੇ ਹਾਜ਼ਰ ਸਨ।