ਲੁਧਿਆਣਾ, 12 ਜੁਲਾਈ (ਜਤਿੰਦਰ ਭੰਬੀ)-ਸਾਬਕਾ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਪਵਨ ਦੀਵਾਨ ਨੇ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ’ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਚ ਬੰਦ ਪਏ ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ ਨੇੜੇ ਸੜਕ ਧਸਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਨਗਰ ਨਿਗਮ ਦੀ ਬਿਲਡਿੰਗ ਐਂਡ ਰੋਡਜ਼ (ਬੀ. ਐਂਡ ਆਰ.) ਸ਼ਾਖਾ ਦੇ ਅਧਿਕਾਰੀਆਂ ਨੂੰ ਸੜਕਾਂ ਦੀ ਮਾੜੀ ਹਾਲਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਇਸ ਮੌਕੇ ਸੰਬੰਧਿਤ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਰਹੀਆਂ ਹਨ ਅਤੇ ਕਈ ਲੋਕ ਜ਼ਖ਼ਮੀ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ ਅਤੇ ਐਡਵੋਕੇਟ ਸੰਦੀਪ ਅਰੋੜਾ ਵੀ ਮੌਜੂਦ ਸਨ।
ਸੜਕਾਂ ਧਸਣ ਨੂੰ ਲੈ ਕੇ ਦੀਵਾਨ ਨੇ ਨਗਰ ਨਿਗਮ ਨੂੰ ਘੇਰਦਿਆਂ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਅਜੀਤ ਡੈਸਕ
13-07-2026