ਲੁਧਿਆਣਾ, 12 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਦੀ ਸ਼ੁਰੂਆਤ ਨਾਲ ਸ਼ਹਿਰ ਵਿਚ ਜਲ ਸਪਲਾਈ ਪ੍ਰੋਜੈਕਟ ਤਹਿਤ ਪੁੱਟੀਆਂ ਗਈਆਂ ਸੜਕਾਂ ਦੀ ਹਾਲਤ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ। ਕਈ ਥਾਵਾਂ ’ਤੇ ਪਾਈਪਾਂ ਵਿਛਾਉਣ ਲਈ ਪੁੱਟੀਆਂ ਗਈਆਂ ਸੜਕਾਂ ਨੂੰ ਅਜੇ ਤੱਕ ਪੱਕੇ ਤੌਰ ’ਤੇ ਬਹਾਲ ਨਹੀਂ ਕੀਤਾ ਗਿਆ, ਜਿਸ ਕਾਰਨ ਮੀਂਹ ਪੈਣ ਤੋਂ ਬਾਅਦ ਕਈ ਸੜਕਾਂ ’ਤੇ ਚਿੱਕੜ ਅਤੇ ਦਲਦਲ ਵਰਗੇ ਹਾਲਾਤ ਬਣ ਰਹੇ ਹਨ। ਸਰਾਭਾ ਨਗਰ ਪੁਲਿਸ ਥਾਣੇ ਨੇੜੇ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਇੱਥੇ ਜਲ ਸਪਲਾਈ ਪ੍ਰੋਜੈਕਟ ਤਹਿਤ ਪਾਈਪਾਂ ਵਿਛਾਉਣ ਲਈ ਪੁੱਟੀ ਗਈ ਸੜਕ ਬਰਸਾਤ ਤੋਂ ਬਾਅਦ ਦਲਦਲ ਵਿਚ ਤਬਦੀਲ ਹੋ ਗਈ ਹੈ। ਇਸ ਕਾਰਨ ਰਾਹਗੀਰਾਂ, ਦੋਪਹੀਆ ਵਾਹਨ ਚਾਲਕਾਂ ਅਤੇ ਹੋਰ ਵਾਹਨ ਸਵਾਰਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੇ ਨੇੜੇ ਸਕੂਲ ਵੀ ਸਥਿਤ ਹਨ, ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਵਿਦਿਆਰਥੀ, ਮਾਪੇ ਅਤੇ ਹੋਰ ਲੋਕ ਲੰਘਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁੱਟੀ ਗਈ ਸੜਕ ’ਤੇ ਪਾਈ ਗਈ ਮਿੱਟੀ ਮੀਂਹ ਕਾਰਨ ਗਿੱਲੀ ਹੋ ਕੇ ਦਲਦਲ ਬਣ ਗਈ ਹੈ ਅਤੇ ਸੜਕ ਲਗਾਤਾਰ ਧਸਦੀ ਜਾ ਰਹੀ ਹੈ। ਇਸ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਭਰ ਵਿਚ ਜਲ ਸਪਲਾਈ ਪ੍ਰੋਜੈਕਟ ਤਹਿਤ ਪਾਈਪਾਂ ਵਿਛਾਉਣ ਦਾ ਕੰਮ ਜਾਰੀ ਹੈ। ਜ਼ਿਆਦਾਤਰ ਥਾਵਾਂ ’ਤੇ ਪਾਈਪਾਂ ਪਾਉਣ ਤੋਂ ਬਾਅਦ ਪੁਟਾਈ ਵਾਲੇ ਹਿੱਸੇ ਨੂੰ ਸਿਰਫ਼ ਮਿੱਟੀ ਨਾਲ ਭਰਿਆ ਗਿਆ ਹੈ, ਜਦਕਿ ਸੜਕਾਂ ਦੀ ਪੱਕੀ ਬਹਾਲੀ ਦਾ ਕੰਮ ਅਜੇ ਬਾਕੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਥਾਵਾਂ ਨੂੰ ਛੱਡ ਕੇ ਬਹੁਤ ਸਾਰੀਆਂ ਸੜਕਾਂ ਦੀ ਅਜੇ ਤੱਕ ਸਥਾਈ ਮੁਰੰਮਤ ਨਹੀਂ ਹੋਈ, ਜਿਸ ਕਾਰਨ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਰੋਜ਼ਾਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜਿੱਥੇ-ਜਿੱਥੇ ਪਾਈਪਾਂ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਥੇ ਸੜਕਾਂ ਦੀ ਪੱਕੀ ਮੁਰੰਮਤ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਸੜਕਾਂ ਦੀ ਬਹਾਲੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।
ਬਰਸਾਤੀ ਮੌਸਮ ਬਣਿਆ ਜਲ ਸਪਲਾਈ ਪ੍ਰੋਜੈਕਟ ਦੀ ਅਸਲ ਪ੍ਰੀਖਿਆ
ਅਜੀਤ ਡੈਸਕ
13-07-2026