ਲੁਧਿਆਣਾ, 12 ਜੁਲਾਈ (ਜਤਿੰਦਰ ਭੰਬੀ)-ਅਮਰੀਕਾ-ਇਜਰਾਇਲ ਅਤੇ ਇਰਾਨ ਵਿਚਕਾਰ ਲੱਗੇ ਯੁੱਧ ਤੋਂ ਬਾਅਦ ਭਾਰਤ ਭਰ ਵਿਚ ਆਈ ਗੈਸ ਦੀ ਕਿੱਲਤ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ ਜਿਥੇ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਤਾਂ ਕਰਨਾ ਪਿਆ ਉਥੇ ਹੀ ਗੈਸ ਕੰਪਨੀਆਂ ‘ਚ ਲੱਗੀ ਭੀੜ ਨੇ ਵੀ ਗੈਸ ਕੰਪਨੀਆਂ ਦੇ ਨੱਕ ਵਿਚ ਦਮ ਕਰਕੇ ਰੱਖ ਦਿੱਤਾ ਸੀ, ਕਿਉਂਕਿ ਜਿਥੇ ਖਪਤਕਾਰਾਂ ਵਲੋਂ ਗੈਸ ਦੀ ਬੁੰਕਿੰਗ ਨੂੰ ਲੈ ਕੇ ਗੈਸ ਕੰਪਨੀਆਂ ਵਿਚ ਲੋਕਾਂ ਦੀ ਭੀੜ ਆਏ ਦਿਨ ਵੱਧ ਰਹੀ ਸੀ ਉਥੇ ਹੀ ਨਵੇਂ ਗੈਸ ਕਨੈਕਸ਼ਨ ਵਾਲਿਆਂ ਦਾ ਵੀ ਗੈਸ ਕੰਪਨੀਆਂ ਵਿਚ ਤਾਂਤਾ ਲੱਗਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਐਲ.ਪੀ.ਜੀ. ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਬੁਕਿੰਗ ਦੇ ਅਧਾਰ ਤੇ ਹੀ ਗੈਸ ਕਨੈਕਸ਼ਨ ਦਿੱਤੇ ਜਾਣੇ ਹਨ, ਜਿਹੜਾ ਵਿਅਕਤੀ ਪਹਿਲਾਂ ਬੁਕਿੰਗ ਕਰਵਾਏਗਾ ਉਸ ਨੂੰ ਪਹਿਲਾਂ ਕਨੈਕਸ਼ਨ ਮਿਲੇਗਾ। ਉਨ੍ਹਾਂ ਦੱਸਿਆ ਕਿ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਕਾਪੀ ਟਰਾਂਸਫਾਰ ਕਰਨ ਆਦਿ ਦਾ ਕੰਮ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਕਰ ਦਿੱਤੇ ਗਏ ਹਨ।