ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਧੂਰੀ ਲਾਈਨ ਇਲਾਕੇ ਵਿਚ ਦੇਰ ਸ਼ਾਮ ਇਕ ਫਾਸਟ ਫੂਡ ਦੀ ਦੁਕਾਨ ’ਤੇ ਤੇਜ਼ਾਬੀ ਹਮਲੇ ਨਾਲ ਹੜਕੰਪ ਮੱਚ ਗਿਆ। ਇਸ ਘਟਨਾ ਵਿਚ ਤਿੰਨ ਲੋਕ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਸਵਾਰ ਨੌਜਵਾਨ ਫਾਸਟ ਫੂਡ ਦੀ ਦੁਕਾਨ ’ਤੇ ਆਇਆ ਅਤੇ ਉੱਥੇ ਕੰਮ ਕਰ ਰਹੇ ਨੌਜਵਾਨ ਨੂੰ ਇਕ ਲਿਫਾਫਾ ਦਿੰਦਿਆਂ ਕਿਹਾ ਕਿ ਇਹ ਉਸ ਲਈ ਲਿਆਇਆ ਹੈ, ਜਿਵੇਂ ਹੀ ਲਿਫਾਫਾ ਫੜਿਆ ਗਿਆ, ਉਹ ਫੱਟ ਗਿਆ ਅਤੇ ਉਸ ਵਿਚ ਮੌਜੂਦ ਤੇਜ਼ਾਬ ਵਰਗਾ ਤਰਲ ਪਦਾਰਥ ਆਲੇ-ਦੁਆਲੇ ਖੜ੍ਹੇ ਲੋਕਾਂ ’ਤੇ ਪੈ ਗਿਆ। ਇਸ ਕਾਰਨ ਤਿੰਨ ਵਿਅਕਤੀ ਝੁਲਸ ਗਏ ਅਤੇ ਮੌਕੇ ’ਤੇ ਹਫੜਾ-ਦਫੜੀ ਮੱਚ ਗਈ। ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਮਲਾਵਰ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਜ਼ਖ਼ਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਰਤੇ ਗਏ ਤਰਲ ਪਦਾਰਥ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਇਹ ਤੇਜ਼ਾਬ ਸੀ ਜਾਂ ਕੋਈ ਹੋਰ ਰਸਾਇਣਿਕ ਪਦਾਰਥ, ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਧੂਰੀ ਲਾਈਨ ਇਲਾਕੇ ’ਚ ਫਾਸਟ ਫੂਡ ਦੀ ਦੁਕਾਨ ’ਤੇ ‘ਤੇਜ਼ਾਬੀ’ ਹਮਲਾ, 3 ਲੋਕ ਝੁਲਸੇ
ਅਜੀਤ ਡੈਸਕ
14-07-2026