ਕਿਰਪਾਲ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ 19 ਨੂੰ
ਅਜੀਤ ਡੈਸਕ
18-07-2026
ਲੁਧਿਆਣਾ, 17 ਜੁਲਾਈ (ਡਾ. ਤਰਲੋਚਨ ਸਿੰਘ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਸ਼ਾਖਾ, ਕਿਰਪਾਲ ਆਸ਼ਰਮ ਵਿਖੇ 19 ਜੁਲਾਈ, ਦਿਨ ਐਤਵਾਰ ਨੂੰ ਐਸ.ਪੀ.ਐਸ. ਹਸਪਤਾਲ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿਚ ਜਨਰਲ ਮੈਡੀਸਨ, ਅੱਖਾਂ ਦੇ ਰੋਗ, ਹੱਡੀਆਂ ਦੇ ਰੋਗ ਅਤੇ ਫਿਜੀਓਥਰੈਪੀ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਕੈਂਪ ਵਿਚ ਡਾ. ਇੰਦਰਜੀਤ ਥਾਪਰ, ਡਾ. ਪਿਆਰਾ ਸਿੰਘ, ਡਾ. ਚੇਤਨ ਸ਼ਰਮਾ, ਡਾ. ਦੀਪਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਕੈਂਪ ਵਿਚ ਬੀ.ਪੀ. ਸ਼ੂਗਰ, ਈ.ਸੀ.ਜੀ., ਬੀ.ਐਮ.ਡੀ. ਟੈੱਸਟ ਮੁਫ਼ਤ ਕੀਤੇ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਿਰਪਾਲ ਆਸ਼ਰਮ ਲੁਧਿਆਣਾ ਦੇ ਸਕੱਤਰ ਨਿਰਮਲ ਸਿੰਘ ਭਾਟੀਆ ਅਤੇ ਪ੍ਰਧਾਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪ ਸਬੰਧੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਮਿਸ਼ਨ ਦੇ ਜ਼ੋਨ ਕੋਆਰਡੀਨੇਟਰ ਆਊਟਰੀਚ ਬਲਦੇਵ ਰਾਜ ਹੀਰਾ ਨੇ ਦੱਸਿਆ ਕਿ ਸੰਤ ਰਾਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਅਤੇ ਮਿਸ਼ਨ ਵਲੋਂ ਸਮੇਂ ਸਮੇਂ ’ਤੇ ਦੇਸ਼ ਦੇ ਵੱਖ ਵੱਖ ਸਥਾਨਾਂ ’ਤੇ ਖ਼ੂਨਦਾਨ ਕੈਂਪ, ਮੈਡੀਕਲ ਜਾਂਚ ਕੈਂਪ, ਰਾਸ਼ਨ, ਵਸਤਰ ਅਤੇ ਪੌਦੇ ਵੰਡ ਪ੍ਰੋਗਰਾਮ ਕਰਵਾਏ ਜਾਂਦੇ ਹਨ।