ਲੁਧਿਆਣਾ, 17 ਜੁਲਾਈ (ਜਤਿੰਦਰ ਭੰਬੀ)- ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਇਲਾਕੇ ਦੇ ਨਾਮਵਰ ਅਤੇ ਸੂਝਵਾਨ ਸਿਆਸੀ ਆਗੂ ਸਾਬਕਾ ਕੌਂਸਲਰ ਸਕਿੰਦਰ ਸਿੰਘ ਪੰਨੂ ਆਪਣੇ ਵੱਡੀ ਗਿਣਤੀ ’ਚ ਸਾਥੀਆਂ ਅਤੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਕਿੰਦਰ ਸਿੰਘ ਪੰਨੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਕਿੰਦਰ ਸਿੰਘ ਪੰਨੂ ਇੱਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਦੀ ਨਬਜ ਪਛਾਣਨ ਵਾਲੇ ਆਗੂ ਹਨ। ਉਨ੍ਹਾਂ ਦੀ ਘਰ ਵਾਪਸੀ ਨਾਲ ਨਾ ਸਿਰਫ ਪਾਰਟੀ ਦੇ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ, ਸਗੋਂ ਹਲਕੇ ਅੰਦਰ ਕਾਂਗਰਸ ਜਥੇਬੰਦੀ ਦੀ ਪਕੜ ਹੋਰ ਵੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੀ ਆਵਾਜ਼ ਰਹੀ ਹੈ ਅਤੇ ਅੱਜ ਲੋਕ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਮੁੜ ਕਾਂਗਰਸ ਦੀ ਅਗਵਾਈ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਸਾਬਕਾ ਕੌਂਸਲਰ ਸਕਿੰਦਰ ਸਿੰਘ ਪੰਨੂ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੇ ਹਿੱਤਾਂ ਲਈ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਇਸ ਮੌਕੇ ਪੰਨੂ ਦੇ ਨਾਲ ਆਏ ਵੱਖ-ਵੱਖ ਵਾਰਡਾਂ ਦੇ ਪ੍ਰਮੁੱਖ ਆਗੂਆਂ, ਸਮਾਜ ਸੇਵੀਆਂ ਅਤੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਵਰਕਰ ਅਤੇ ਅਹੁਦੇਦਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਪੰਨੂ ਦੀ ਵਾਪਸੀ ਦਾ ਨਿੱਘਾ ਸਵਾਗਤ ਕੀਤਾ।