ਲੁਧਿਆਣਾ, 19 ਜੁਲਾਈ (ਭੁਪਿੰਦਰ ਸਿੰਘ ਬੈਂਸ)-ਐਤਵਾਰ ਨੂੰ ਹੋਈ ਬਰਸਾਤ ਕਾਰਨ ਮਹਾਂਨਗਰ ਦੇ ਕੁੱਝ ਇਲਾਕਿਆਂ ਵਿਚ ਮੀਂਹ ਪਿਆ, ਜਦਕਿ ਕੁੱਝ ਇਲਾਕੇ ਮੀਂਹ ਤੋਂ ਵਾਂਝੇ ਹੀ ਰਹਿ ਗਏ। ਸ਼ਹਿਰ ਦੇ ਜਿਨ੍ਹਾਂ ਕੁੱਝ ਇਲਾਕਿਆਂ ‘ਚ ਮੀਂਹ ਪਿਆ, ਉਨ੍ਹਾਂ ਵਿਚ ਨਗਰ ਨਿਗਮ ਦੇ ਬਰਸਾਤੀ ਪਾਣੀ ਦੇ ਨਿਕਾਸੀ ਸਬੰਧੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਗਿੱਲ ਰੋਡ, ਸ਼ਿਮਲਾਪੁਰੀ, ਦੁੱਗਰੀ, ਫੁੱਲਾਂਵਾਲ, ਥਰੀਕੇ, ਸਰਾਭਾ ਨਗਰ, ਬੀ.ਆਰ.ਐਸ. ਆਦਿ ਇਲਾਕਿਆਂ ਵਿਚੋਂ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਹੀ ਸੜਕਾਂ ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰ ਉਥੇ ਹੀ ਸ਼ਹਿਰ ਦੇ ਸ਼ਿਵਪੁਰੀ, ਮਾਤਾ ਰਾਣੀ ਚੌਂਕ, ਚੌੜਾ ਬਾਜ਼ਾਰ, ਪੁਰਾਣਾ ਬਾਜ਼ਾਰ, ਸੁੰਦਰ ਨਗਰ ਆਦਿ ਇਲਾਕਿਆਂ ਵਿਚ ਮੀਂਹ ਨਹੀਂ ਪਿਆ। ਜੇਕਰ ਇਨ੍ਹਾਂ ਇਲਾਕਿਆਂ ਵਿਚ ਵੀ ਮੀਂਹ ਪੈਂਦਾ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਣਾਲੀ ਦੀ ਅਸਲ ਤਸਵੀਰ ਹੋਰ ਵੀ ਸਪਸ਼ਟ ਹੋ ਸਕਦੀ ਸੀ। ਹੈਰਾਨੀ ਦੀ ਗੱਲ ਹੈ ਨਿਗਮ ਵਲੋਂ ਹਰ ਸਾਲ ਮੌਨਸੂਨ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸਦੇ ਉਲਟ ਨਜ਼ਰ ਆ ਰਹੀ ਹੈ। ਸ਼ਹਿਰ ਦੇ ਕੀ ਹਿੱਸਿਆਂ ਵਿਚ ਅਜੇ ਵੀ ਰੋਜ਼ ਜਾਲਿਆਂ ਦੀ ਸਫ਼ਾਈ ਅਧੂਰੀ ਪਈ ਹੈ। ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਵੀ ਸ਼ਹਿਰਵਾਸੀਆਂ ਲਈ ਮੁਸ਼ਕਲ ਬਣ ਜਾਂਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਮਹਾਂਨਗਰ ਦੇ ਵੱਡੇ ਹਿੱਸੇ ਵਿਚ ਭਾਰੀ ਬਰਸਾਤ ਹੁੰਦੀ ਹੈ ਤਾਂ ਨਿਗਮ ਦੇ ਪ੍ਰਬੰਧਾਂ ਦੀ ਹੋਰ ਵੱਡੀ ਪ੍ਰੀਖਿਆ ਹੋਵੇਗੀ।