ਲਾਡੋਵਾਲ, 19 ਜੁਲਾਈ (ਬਲਬੀਰ ਸਿੰਘ ਰਾਣਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64-ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿਰਪਾਲ ਆਸ਼ਰਮ ਵਲੋਂ ਐਸ.ਪੀ.ਐਸ. ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਕੜੇ ਮਰੀਜ਼ਾਂ ਨੂੰ ਜਨਰਲ ਮੈਡੀਸਨ, ਨੇਤਰ ਰੋਗ, ਹੱਡੀਆਂ ਦੇ ਰੋਗ ਅਤੇ ਫਿਜ਼ੀਓਥੈਰੇਪੀ ਆਦਿ ਸਹੂਲਤਾਂ ਮੁਫ਼ਤ ਵਿਚ ਪ੍ਰਦਾਨ ਕੀਤੀਆਂ ਗਈਆਂ, ਜਦਕਿ ਇਸ ਕੈਂਪ ਵਿਚ ਹਸਪਤਾਲ ਦੇ ਮਾਹਿਰ ਡਾ. ਇੰਦਰਜੀਤ ਥਾਪਰ, ਡਾ. ਪਿਆਰਾ ਸਿੰਘ ਅਤੇ ਡਾ. ਚੇਤਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੈਂਪ ਵਿਚ ਆਏ ਸੈਂਕੜੇ ਭੈਣ-ਭਰਾਵਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਕਿਰਪਾਲ ਆਸ਼ਰਮ ਲੁਧਿਆਣਾ ਦੇ ਸਕੱਤਰ ਨਿਰਮਲ ਸਿੰਘ ਭਾਟੀਆ ਅਤੇ ਪ੍ਰਧਾਨ ਗੁਰਦਰਸ਼ਨ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਕੈਂਪ ਵਿਚ ਆਏ ਮਰੀਜ਼ਾਂ ਦੇ ਬੀ.ਪੀ, ਬਲੱਡ ਸ਼ੂਗਰ, ਈ.ਸੀ.ਜੀ. ਅਤੇ ਬੀ.ਐਮ.ਡੀ. ਟੈੱਸਟ ਵੀ ਨਿਸ਼ੁਲਕ ਕੀਤੇ ਗਏ। ਇਸੇ ਤਰ੍ਹਾਂ ਫਿਜ਼ੀਓਥੈਰੇਪੀ ਵਿਭਾਗ ਦੀ ਡਾ. ਦੀਪਿਕਾ ਸ਼ਰਮਾ ਵਲੋਂ ਹੱਡੀਆਂ, ਜੋੜਾਂ, ਗਰਦਨ, ਕਮਰ ਦਰਦ, ਨਿਊਰੋਲੋਜੀਕਲ ਅਤੇ ਹੋਰ ਸਰੀਰਕ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵੀ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਕਸਰਤ, ਸਹੀ ਬੈਠਣ-ਉੱਠਣ ਦੇ ਤਰੀਕੇ ਅਤੇ ਦਰਦ ਨਿਵਾਰਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਨੂੰ ਆਧੁਨਿਕ ਜੀਵਨ ਵਿਚ ਸਿਹਤ ਦੇ ਸਹੀ ਰੱਖ-ਰਖਾਅ ਲਈ ਖਾਣ-ਪੀਣ ਸਬੰਧੀ ਮਹੱਤਵਪੂਰਨ ਹਦਾਇਤਾਂ ਅਤੇ ਪਰਹੇਜ਼ ਬਾਰੇ ਜਾਣਕਾਰੀ ਦੇਣ ਦੇ ਨਾਲ ਡਾਕਟਰਾਂ ਨੇ ਸਲਾਹ ਦਿੱਤੀ ਕਿ ਫਾਸਟ-ਫੂਡ ਅਤੇ ਜੰਕ-ਫੂਡ ਦਾ ਬਿਲਕੁਲ ਵੀ ਸੇਵਨ ਨਾ ਕਰੋ, ਘਰ ਦਾ ਬਣਿਆ ਖਾਣਾ ਹੀ ਖਾਓ ਅਤੇ ਨਾਲ ਹੀ ਰੋਜ਼ ਸਵੇਰੇ ਕਸਰਤ ਕਰੋ ਅਤੇ ਭੱਜ-ਦੌੜ ਤੇ ਚਿੰਤਾ ਨੂੰ ਘੱਟ ਕਰੋ। ਕੈਂਪ ਦੇ ਅੰਤ ਵਿਚ ਸਮੂਹ ਭੈਣ-ਭਰਾਵਾਂ ਨੂੰ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਉਨ੍ਹਾਂ ਦੱਸਿਆ ਕਿ ਮਿਸ਼ਨ ਦੀ ਇਸ ਸ਼ਾਖਾ ਵਿਚ ਕਈ ਤਰ੍ਹਾਂ ਦੇ ਵੋਕੇਸ਼ਨਲ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ, ਜਿਵੇਂ: ਸਿਲਾਈ-ਕਢਾਈ, ਕੰਪਿਊਟਰ, ਬਿਊਟੀਸ਼ੀਅਨ ਅਤੇ ਫ਼ੈਸ਼ਨ ਡਿਜ਼ਾਈਨਿੰਗ ਆਦਿ ਕੋਰਸ ਦੇ ਨਾਲ ਮਾਨਵਤਾ ਦੀ ਭਲਾਈ ਲਈ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ ਅਤੇ ਖ਼ੂਨਦਾਨ ਕੈਂਪ ਵੀ ਇੱਥੇ ਨਿਰੰਤਰ ਲਗਾਏ ਜਾਂਦੇ ਹਨ। ਸਮੇਂ-ਸਮੇਂ ’ਤੇ ਲੋੜਵੰਦਾਂ ਨੂੰ ਰਾਸ਼ਨ, ਬੇਸਹਾਰਾ ਬੱਚਿਆਂ ਨੂੰ ਸਰਦੀਆਂ ਵਿਚ ਜ਼ਰੂਰੀ ਵਸਤੂਆਂ ਅਤੇ ਕੱਪੜੇ ਵੰਡੇ ਜਾਂਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਪੌਦੇ ਵੀ ਵੰਡੇ ਜਾਂਦੇ ਹਨ। ਮਿਸ਼ਨ ਦੇ ਜ਼ੋਨ ਕੋਆਰਡੀਨੇਟਰ ਬਲਦੇਵ ਰਾਜ ਹੀਰਾ ਨੇ ਦੱਸਿਆ ਕਿ ਮੌਜੂਦਾ ਸੰਤ ਰਾਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਖ਼ੂਨਦਾਨ ਕੈਂਪ, ਨਿਸ਼ੁਲਕ ਮੋਤੀਆਬਿੰਦ ਆਪ੍ਰੇਸ਼ਨ ਕੈਂਪ, ਸਰੀਰਕ ਤੌਰ ’ਤੇ ਅਪਾਹਜ ਭੈਣ-ਭਰਾਵਾਂ ਨੂੰ ਸਹਾਇਤਾ ਲਈ ਉਪਕਰਨ, ਕੁਦਰਤੀ ਆਫ਼ਤਾਂ ਦੇ ਸਮੇਂ ਵੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਪੀੜਤ ਲੋਕਾਂ ਨੂੰ ਜ਼ਰੂਰੀ ਸਾਮਾਨ, ਗਰਮ ਕੱਪੜੇ, ਕੰਬਲ, ਸਵੈਟਰ, ਗੱਦੇ ਅਤੇ ਦਵਾਈਆਂ ਆਦਿ ਵੰਡੀਆਂ ਜਾਂਦੀਆਂ ਹਨ। ਸੰਤ ਰਾਜਿੰਦਰ ਸਿੰਘ ਅੱਜ ਵਿਸ਼ਵ ਭਰ ਵਿਚ ਧਿਆਨ-ਅਭਿਆਸ ਦੀ ਵਿਧੀ ਸਿਖਾ ਕੇ ਲੱਖਾਂ ਲੋਕਾਂ ਨੂੰ ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਲੋਂ ਕਈ ਸ਼ਾਂਤੀ ਪੁਰਸਕਾਰਾਂ ਅਤੇ ਪੰਜ ਡਾਕਟਰੇਟ ਦੀਆਂ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।