ਲੁਧਿਆਣਾ, 20 ਜੁਲਾਈ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਡੇਂਗੂ ਵਰਗੀਆਂ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਵਿਖੇ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਨੂੰ ਡੇਂਗੂ ਮੁਕਤ ਸੂਬਾ ਬਣਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੀਂਹ ਦੇ ਮੌਸਮ ਦੌਰਾਨ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਹੀ ਡੇਂਗੂ ਫੈਲਾਉਣ ਵਾਲਾ ਏਡੀਜ਼ ਮੱਛਰ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਵਾਹਨਾਂ, ਘਰਾਂ ਦੀਆਂ ਛੱਤਾਂ ‘ਤੇ ਪਏ ਪੁਰਾਣੇ ਟਾਇਰਾਂ, ਕਬਾੜ, ਟੁੱਟੇ-ਫੁੱਟੇ ਬਰਤਨਾਂ ਅਤੇ ਹੋਰ ਅਜਿਹੀਆਂ ਵਸਤੂਆਂ ਵਿਚ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਕੂਲਰਾਂ ਨੂੰ ਹਰ ਹਫ਼ਤੇ ਖਾਲੀ ਕਰਕੇ ਚੰਗੀ ਤਰ੍ਹਾਂ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਮੋਟਰ ਕੋਲ ਲੱਗੀ ਟਰੇਅ ਨੂੰ ਵੀ ਹਰ ਹਫ਼ਤੇ ਸਾਫ਼ ਕਰਕੇ ਸੁਕਾਇਆ ਜਾਵੇ। ਪੰਛੀਆਂ ਲਈ ਰੱਖੇ ਪਾਣੀ ਵਾਲੇ ਬਰਤਨਾਂ, ਮਨੀ ਪਲਾਂਟ ਦੇ ਗਮਲਿਆਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਦੀ ਵੀ ਨਿਯਮਤ ਸਫ਼ਾਈ ਕੀਤੀ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਇਸ ਮੌਕੇ ਮਾਸ ਮੀਡੀਆ ਅਧਿਕਾਰੀਆਂ ਅਤੇ ਐਂਟੀ ਲਾਰਵਾ ਵਿੰਗ ਦੇ ਕਰਮਚਾਰੀਆਂ ਨੇ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਸਰੀਰ ‘ਤੇ ਲਾਲ ਧੱਬੇ ਜਾਂ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਆਉਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਇਹ ਡੇਂਗੂ ਦੇ ਸੰਕੇਤ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਸੰਪਰਕ ਕਰਕੇ ਡਾਕਟਰੀ ਸਲਾਹ ਅਨੁਸਾਰ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਘਰੇਲੂ ਇਲਾਜ ਜਾਂ ਇਲਾਜ ਵਿਚ ਲਾਪਰਵਾਹੀ ਕਈ ਵਾਰ ਗੰਭੀਰ ਨਤੀਜਿਆਂ ਦਾ ਕਾਰਨ ਬਣ ਸਕਦੀ ਹੈ। ਕੈਂਪ ਦੌਰਾਨ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਡੇਂਗੂ ਤੋਂ ਬਚਾਅ ਸਬੰਧੀ ਤਿਆਰ ਕੀਤੀ ਗਈ ਜਾਗਰੂਕਤਾ ਸਮੱਗਰੀ ਵੰਡੀ ਗਈ ਅਤੇ ਪ੍ਰਦਰਸ਼ਿਤ ਕੀਤੀ ਗਈ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਫੈਲਾਉਣ ਵਾਲੇ ਏਡੀਜ਼ ਮੱਛਰ ਦੇ ਲਾਰਵਾ ਦਿਖਾਕੇ ਇਸ ਦੀ ਪਛਾਣ, ਜੀਵਨ ਚੱਕਰ ਅਤੇ ਪੈਦਾਇਸ਼ ਵਾਲੀਆਂ ਥਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਘਰਾਂ ਅਤੇ ਆਲੇ-ਦੁਆਲੇ ਸਾਫ਼ ਪਾਣੀ ਇਕੱਠਾ ਨਾ ਹੋਣ ਦੇਣਾ ਹੀ ਡੇਂਗੂ ਦੀ ਰੋਕਥਾਮ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁੱਕਰਵਾਰ ਘਰਾਂ, ਸਕੂਲਾਂ, ਦਫ਼ਤਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਕੂਲਰਾਂ, ਫਰਿੱਜ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ, ਪੁਰਾਣੇ ਟਾਇਰਾਂ, ਕਬਾੜ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਥਾਵਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਖਾਲੀ ਅਤੇ ਸੁੱਕਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਖ਼ਿਲਾਫ਼ ਇਸ ਛੋਟੀ ਜਿਹੀ ਸਾਵਧਾਨੀ ਨਾਲ ਵੱਡੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਜਨ ਸਹਿਯੋਗ ਨਾਲ ਹੀ ਡੇਂਗੂ ਮੁਕਤ, ਸਿਹਤਮੰਦ ਅਤੇ ਸੁਰੱਖਿਅਤ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ। ਇਸ ਮੌਕੇ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਰਾਜਿੰਦਰ ਸਿੰਘ ਅਤੇ ਪ੍ਰਭਦੀਪ ਸਿੰਘ ਚਾਵਲਾ, ਐਮ.ਪੀ.ਐਚ.ਡਬਲਿਊ. ਸੁਖਪ੍ਰੀਤ ਸਿੰਘ ਸੰਗੋਵਾਲ, ਜਗਤਾਰ ਸਿੰਘ, ਏ.ਐਨ.ਐਮ. ਅਮਨਦੀਪ ਕੌਰ ਅਤੇ ਹਰਵਿੰਦਰ ਕੌਰ ਸਮੇਤ ਸਿਹਤ ਵਿਭਾਗ ਦਾ ਹੋਰ ਸਟਾਫ਼ ਹਾਜ਼ਰ ਸੀ।