ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਘੰਟਾ ਘਰ ਰੋਡ ’ਤੇ ਬਣੇ ਕਰੀਬ ਅੱਧਾ ਦਰਜਨ ਸੈਂਟਰ ਵਰਜ ਇਨ੍ਹਾਂ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੇ ਹਨ। ਇਨ੍ਹਾਂ ਸੈਂਟਰ ਵਰਜਾਂ ਵਿਚ ਹਰਿਆਲੀ ਦੀ ਥਾਂ ਗੰਦਗੀ ਅਤੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ, ਜਿਸ ਕਾਰਨ ਨਿਗਮ ਦੀ ਸਫ਼ਾਈ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਉਠ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਸੈਂਟਰ ਵਰਜ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਨੇੜੇ ਸਥਿਤ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਸੰਭਾਲ ਅਤੇ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਆਪਣੇ ਦਫ਼ਤਰ ਦੇ ਨੇੜੇ ਸਥਿਤ ਸੈਂਟਰ ਵਰਜਾਂ ਨੂੰ ਹਰਿਆ ਭਰਿਆ ਅਤੇ ਸਾਫ਼ ਨਹੀਂ ਰੱਖ ਸਕਦਾ ਤਾਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜਾਣਕਾਰੀ ਅਨੁਸਾਰ ਕੁੱਝ ਸਾਲ ਪਹਿਲਾਂ ਇਨ੍ਹਾਂ ਸੈਂਟਰ ਵਰਜਾਂ ਵਿਚ ਬੂਟੇ ਲਗਾਏ ਗਏ ਸਨ, ਪਰ ਉਨ੍ਹਾਂ ਦੀ ਸੰਭਾਲ ਨਾ ਹੋਣ ਕਾਰਨ ਉਹ ਸੁੱਕ ਗਏ। ਇਸ ਤੋਂ ਬਾਅਦ ਅੱਜ ਤੱਕ ਇੱਥੇ ਨਵੇਂ ਬੂਟੇ ਨਹੀਂ ਲਗਾਏ ਗਏ। ਨਤੀਜੇ ਵਜੋਂ ਇਹ ਸੈਂਟਰ ਵਰਜ ਕੂੜਾ ਸੁੱਟਣ ਵਾਲੀਆਂ ਥਾਵਾਂ ਵਿਚ ਤਬਦੀਲ ਹੋ ਚੁੱਕੇ ਹਨ ਅਤੇ ਗੰਦਗੀ ਦਾ ਸਥਾਈ ਕੇਂਦਰ ਬਣ ਰਹੇ ਹਨ। ਸੂਤਰਾਂ ਮੁਤਾਬਿਕ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਕਈ ਮਹੀਨੇ ਪਹਿਲਾਂ ਹੋਈ ਮੀਟਿੰਗ ਵਿਚ ਇਨ੍ਹਾਂ ਸੈਂਟਰ ਵਰਜਾਂ ਵਿਚ ਮੁੜ ਬੂਟੇ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਵੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਕੰਮ ਸ਼ੁਰੂ ਨਾ ਹੋਣ ਕਾਰਨ ਸੈਂਟਰ ਵਰਜਾਂ ਦੀ ਦੁਰਦਸ਼ਾ ਜਿਉਂ ਦੀ ਤਿਉਂ ਬਣੀ ਹੋਈ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਪ੍ਰਸ਼ਾਸਨ ਸਮੇਂ ਸਿਰ ਇਨ੍ਹਾਂ ਸੈਂਟਰ ਵਰਜਾਂ ਵਿਚ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰੇ ਤਾਂ ਸਿਰਫ਼ ਇਲਾਕੇ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਸਗੋਂ ਸ਼ਹਿਰ ਦੇ ਵਾਤਾਵਰਨ ਨੂੰ ਵੀ ਲਾਭ ਮਿਲੇਗਾ। ਫ਼ਿਲਹਾਲ ਘੰਟਾ ਘਰ ਰੋਡ ਦੇ ਇਹ ਸੈਂਟਰ ਵਰਜ ਨਿਗਮ ਦੀ ਲਾਪਰਵਾਹੀ ਅਤੇ ਮਿਸ਼ਨ ਕਲੀਨ ਪੰਜਾਬ ਦੀ ਹਕੀਕਤ ਨੂੰ ਬੇਨਕਾਬ ਕਰਦੇ ਨਜ਼ਰ ਆ ਰਹੇ ਹਨ।