ਲਾਡੋਵਾਲ, 20 ਜੁਲਾਈ (ਬਲਬੀਰ ਸਿੰਘ ਰਾਣਾ)- ਪੰਜਾਬ ਦੇ ਭੋਲੇ ਭਾਲੇ ਲੋਕ ਬਦਲਾਅ ਦੇ ਨਾਂ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠੱਗੇ ਹੋਏ ਅਤੇ ਕੋਸਦੇ ਨਜ਼ਰ ਆ ਰਹੇ ਹਨ, ਕਿਉਂਕਿ ਪੰਜਾਬ ਦੇ ਲੋਕਾਂ ਨੇ ਜੋ ਇਸ ਸਰਕਾਰ ਤੋਂ ਆਸਾਂ ਲਾਈਆਂ ਸਨ, ਉਨਾਂ ਨੂੰ ਬੂਰ ਲਾਉਣ ਦੀ ਬਜਾਏ, ਸਰਕਾਰ ਨੇ ਆਸਾਂ ’ਤੇ ਅਜਿਹਾ ਪਾਣੀ ਫੇਰਿਆ ਕਿ ਅੱਗੇ ਤੋਂ ਆਪਣਾ ਕੀਮਤੀ ਵੋਟ ਸੋਚ ਸਮਝ ਕੇ ਪਾਉਣ ਲਈ ਲੋਕਾਂ ਨੂੰ ਮਜਬੂਰ ਕਰ ਦਿੱਤਾl ਉਕਤ ਵਿਚਾਰ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਗਰੀਨ ਇਨਕਲੇਵ ਜੱਸੀਆਂ ਵਿਖੇ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਬੀਬੀ ਯੋਗਿਤਾ ਜੈਨ ਦੀ ਅਗਵਾਈ ਵਿਚ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਾਜ਼ਰੀਨ ਨਾਲ ਸਾਂਝੇ ਕੀਤੇ l ਸਾਬਕਾ ਜੱਜ ਸਿੰਮਕ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਏ ਦਿਨ ਵਧ ਰਹੇ ਗੈਂਗਸਟਰਵਦ, ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ, ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ, ਲਾਅ ਐਂਡ ਆਰਡਰ ਦੇ ਵਿਗੜੇ ਹੋਏ ਹਾਲਾਤਾਂ, ਵਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਵੱਲ ਕੋਈ ਧਿਆਨ ਨਹੀਂ ਸਗੋਂ ਪੰਜਾਬ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਿਚ ਲੱਗੀ ਹੋਈ ਹੈ, ਜਦਕਿ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ l ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਅਣਗਿਣਤ ਸਹੂਲਤਾਂ ਦੇ ਕੇ ਨਿਵਾਜਿਆ ਗਿਆ ਅਤੇ ਪੰਜਾਬ ਵਿਚ ਵਿਕਾਸ ਦੇ ਝੰਡੇ ਝੁਲਾਏ ਗਏ ਅਤੇ ਲੋਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਗਈਆਂ। ਸਾਬਕਾ ਜੱਜ ਸਿੰਮਕ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ਵਿਚ ਫਤਵਾ ਦੇ ਕੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਓ, ਅਸੀਂ ਬੀਬੀਆਂ- ਭੈਣਾਂ ਨੂੰ ਵੱਧ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਾਂਗੇ ਅਤੇ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਸਹੀ ਲੀਅ ਤੇ ਲਿਆ ਕੇ ਪੰਜਾਬ ਵਿਚ ਅਮਨ ਅਮਾਨ ਅਤੇ ਸ਼ਾਂਤੀ ਦਾ ਮਾਹੌਲ ਵਾਪਸ ਲਿਆਵਾਂਗੇ । ਇਸ ਮੌਕੇ ਸਰਕਲ ਪ੍ਰਧਾਨ ਯੋਗੀਤਾ ਜੈਨ,ਲਲਿਤ ਜੈਨ,ਬਾਣੀ, ਮਨਜੀਤ ਕੌਰ, ਸੁਨੀਤਾ, ਪ੍ਰੀਤੀ ਸ਼ਰਮਾ, ਹਰਜੀਤ ਕੌਰ, ਗੀਤਾ, ਨਿਸ਼ਾ, ਰੀਆ, ਪਰਵੀਨ, ਸਤਨਾਮ, ਦਿਵਿਆ, ਪਲਵੀ ਸੋਨੀਆ ਸ਼ਰਮਾ, ਰਾਜ ਰਾਣੀ, ਕਲਪਨਾ, ਸਪਨਾ, ਪੂਜਾ, ਕਿਰਨ, ਰਾਜੇਸ਼ ਕੁਮਾਰ, ਵਿਨੋਦ ਕੁਮਾਰ, ਦਰਸ਼ਨ ਸਿੰਘ, ਦੁਰਗਾ ਪ੍ਰਸਾਦ, ਹਰਪ੍ਰੀਤ ਸਿੰਘ, ਗਵਨੀਤ ਸਿੰਘ, ਬਵਨੀਤ ਸਿੰਘ ਤੇ ਭੁਪਿੰਦਰ ਸਿੰਘ ਆਦਿ ਵੀ ਹਾਜਰ ਸਨ ।