ਲੁਧਿਆਣਾ, 23 ਜੁਲਾਈ (ਜਤਿੰਦਰ ਭੰਬੀ)-ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ 21 ਜੁਲਾਈ ਤੋਂ ਸਮੂਹਿਕ ਛੁੱਟੀ ਭਰਕੇ ਸ਼ੁਰੂ ਕੀਤੀ ਹੜਤਾਲ ਨੂੰ ਤੀਜੇ ਦਿਨ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸੀ.ਆਰ.ਏ. 295/19 ਦੇ ਬਹੁਤ ਹੀ ਸੰਘਰਸ਼ਸ਼ੀਲ ਆਗੂ ਵਿਕਰਮਜੀਤ ਅਬੋਹਰ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਦੇ ਮੁਲਾਜ਼ਮ ਛੁੱਟੀਆਂ ਭਰਕੇ ਸੰਘਰਸ਼ ਵਿਚ ਕੁੱਦ ਗਏ। ਇਨ੍ਹਾਂ ਆਗੂਆਂ ਨੇ ਦੋ ਦਿਨ ਪਹਿਲਾਂ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ 22 ਜੁਲਾਈ ਦੀ ਮੀਟਿੰਗ ਵਿਚ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਮੰਗਾਂ ਨੂੰ ਮੰਨ ਕੇ ਬਿਜਲੀ ਕਾਮਿਆਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਉਹ ਵੀ ਛੁੱਟੀਆਂ ਭਰਕੇ ਚੱਲ ਰਹੇ ਤਿੱਖੇ ਘੋਲ ਵਿਚ ਸ਼ਾਮਿਲ ਹੋ ਜਾਣਗੇ। ਸੰਘਰਸ਼ ਨੂੰ ਸਮਰਥਨ ਦਿੰਦਿਆਂ ਵਿਕਰਮਜੀਤ ਅਬੋਹਰ, ਰਵਿੰਦਰ ਸਿੰਘ ਸਿੰਘ, ਵਰੁਣ ਭਾਟੀਆ, ਸੁਰਜੀਤ ਸਿੰਘ, ਮਨਦੀਪ ਸਿੰਘ, ਸੁਧੀਰ ਅਤੇ ਹੈਪੀ ਗੋਰੀਆ ਨੇ ਕਿਹਾ ਕਿ ਜਿਸ ਪ੍ਰਕਾਰ ਦੀਆਂ ਸਾਡੀਆਂ ਮੰਗਾਂ ਜਿਵੇਂ ਕਿ 35400 ਸਕੇਲ, 18 ਫ਼ੀਸਦੀ ਡੀਏ ਨੂੰ ਲਾਗੂ ਕਰਕੇ ਉਸਦੀ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਇਹ ਸੋਖਿਆ ਨਹੀਂ ਮੰਨਵਾ ਹੋਣੀਆਂ ਇਸਦੇ ਲਈ ਸਾਰੀਆਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਦਾ ਇਕ ਮੰਚ ‘ਤੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਲਦ ਹੋਰ ਸਾਥੀ ਵੀ ਸੰਘਰਸ਼ ਵਿਚ ਸ਼ਾਮਿਲ ਹੋ ਰਹੇ ਹਨ, ਪਰ ਸਾਡੀ ਜੁਆਇੰਟ ਫੋਰਮ ਤੇ ਏਕਤਾ ਮੰਚ ਦੀ ਲੀਡਰਸ਼ਿਪ ਨੂੰ ਅਪੀਲ ਕਿ ਮੁਲਾਜ਼ਮ ਹਿਤਾਂ ਨੂੰ ਉੱਪਰ ਰੱਖ ਕੇ ਸੰਘਰਸ਼ਸ਼ੀਲ ਮੋਰਚੇ ਨੂੰ ਵੀ ਸੰਘਰਸ਼ ਵਿਚ ਸ਼ਾਮਿਲ ਹੋਣ ਦਾ ਸੱਦਾ ਜ਼ਰੂਰ ਦਿਓ। ਉਨ੍ਹਾਂ ਕਿਹਾ ਕਿ ਸਾਡੀ ਸਾਰੀ ਟੀਮ ਕੰਮ ਛੱਡ ਕੇ ਹੜਤਾਲ ਦਾ ਹਿੱਸਾ ਬਣ ਜਾਵੇਗੀ। ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ ਨੇ ਸਾਰੇ ਸਾਥੀਆਂ ਦਾ ਸਵਾਗਤ ਕਰਦਿਆਂ ਕਿ ਇਹ ਸਾਥੀ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਨਗੇ। ਟੀ.ਐਸ.ਯੂ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਨੇ ਹੜਤਾਲ ਤੋਂ ਦੂਰ ਰਹੇ ਮੁਲਾਜ਼ਮਾਂ ਨੂੰ ਛੁੱਟੀਆਂ ਭਰਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਦਵਿੰਦਰ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਰਮਨ ਧੀਮਾਨ ਆਦਿ ਹਾਜ਼ਰ ਸਨ।