ਲੁਧਿਆਣਾ, 24 ਜੁਲਾਈ (ਜਤਿੰਦਰ ਭੰਬੀ)-ਪੀ.ਏ.ਯੂ. ਅਤੇ ਨਵੀਂ ਦਿੱਲੀ ਸਥਿਤ ਚਾਮੁੰਡਾ ਐਗਰੋ ਪ੍ਰਾਈਵੇਟ ਲਿਮਟਿਡ ਯੂਨੀਵਰਸਿਟੀ ਵਲੋਂ ਵਿਕਸਿਤ ਖ਼ਰਬੂਜ਼ੇ ਦੇ ਹਾਈਬ੍ਰਿਡ ਐਮ.ਐਚ-27 ਅਤੇ ਇਕ ਹੋਰ ਕਿਸਮ ਪੰਜਾਬ ਅੰਮ੍ਰਿਤ ਦੇ ਵਪਾਰੀਕਰਨ ਲਈ ਸਮਝੌਤੇ ’ਤੇ ਪੁੱਜੇ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਬੀ.ਐਸ. ਤੋਮਰ ਨੇ ਆਪਣੇ-ਆਪਣੇ ਸੰਗਠਨਾਂ ਵਲੋਂ ਸਮਝੌਤੇ ’ਤੇ ਦਸਤਖ਼ਤ ਕੀਤੇ। ਵਧੀਕ ਨਿਰਦੇਸ਼ਕ ਖੋਜ ਡਾ. ਵੀ.ਐਸ. ਸੋਹੂ, ਡਾ. ਮਹੇਸ਼ ਕੁਮਾਰ, ਏ.ਡੀ.ਆਰ, ਡਾ. ਖੁਸ਼ਦੀਪ ਧਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਸੈੱਲ ਅਤੇ ਡਾ. ਸਤਪਾਲ ਸ਼ਰਮਾ, ਮੁਖੀ, ਸਬਜ਼ੀ ਵਿਗਿਆਨ ਵਿਭਾਗ ਇਸ ਮੌਕੇ ਮੌਜੂਦ ਸਨ। ਡਾ. ਸਤਪਾਲ ਸ਼ਰਮਾ ਨੇ ਦੱਸਿਆ ਕਿ ਖ਼ਰਬੂਜ਼ੇ ਦੀ ਐਮ.ਐਚ-27 ਅਜੋਕੇ ਦੌਰ ਅਨੁਸਾਰ ਵਿਕਸਿਤ ਹਾਈਬ੍ਰਿਡ ਹੈ। ਇਸ ਦਾ ਗੁੱਦਾ ਮੋਟਾ, ਸੰਤਰੀ, ਦਰਮਿਆਨਾ ਰਸੀਲਾ ਅਤੇ ਸੁਆਦੀ ਹੁੰਦਾ ਹੈ, ਜਿਸ ਵਿਚ 12.5 ਫ਼ੀਸਦੀ ਟੀ.ਐਸ.ਐਸ. ਹੁੰਦਾ ਹੈ। ਔਸਤ ਫਲ ਭਾਰ 856 ਗ੍ਰਾਮ ਹੁੰਦਾ ਹੈ, ਇਹ ਵਿਲਟ ਅਤੇ ਜੜ੍ਹ ਗੰਢ ਵਾਲੇ ਨੀਮਾਟੋਡਾਂ ਲਈ ਸਹਿਣਸ਼ੀਲ ਕਿਸਮ ਹੈ। ਇਸ ਦਾ ਔਸਤ ਝਾੜ 218.7 ਕੁਇੰਟਲ/ਹੈਕਟੇਅਰ ਹੈ ਅਤੇ ਇਸ ਦੀ ਲੰਬੀ ਸ਼ੈਲਫ ਲਾਈਫ਼ ਹੈ, ਜੋ ਦੂਰ-ਦੁਰਾਡੇ ਢੋਆ ਢੁਆਈ ਲਈ ਅਨੁਕੂਲ ਹੈ। ਪੰਜਾਬ ਅਮਿਤ ਦੂਸਰੀ ਵਿਕਸਿਤ ਕਿਸਮ ਹੈ। ਇਸ ਦਾ ਗੁੱਦਾ ਕਰੀਮੀ ਸਫ਼ੇਦ ਅਤੇ 14.7 ਫ਼ੀਸਦੀ ਟੀ.ਐਸ.ਐਸ. ਦੇ ਨਾਲ ਦਰਮਿਆਨਾ ਰਸੀਲਾ ਹੈ। ਪਲਾਸਟਿਕ ਮਲਚ ਨਾਲ ਇਸ ਦਾ ਔਸਤ ਝਾੜ 84.6 ਕੁਇੰਟਲ/ਏਕੜ ਅਤੇ ਇਸ ਦੀ ਉੱਚ ਮਜ਼ਬੂਤੀ ਅਤੇ ਲੰਬੀ ਸ਼ੈਲਫ ਲਾਈਫ਼ ਹੈ। ਡਾ. ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਕਿਹਾ ਕਿ ਪੀ.ਏ.ਯੂ. ਖ਼ਰਬੂਜ਼ੇ ਦੀਆਂ ਕਿਸਮਾਂ ਕਿਸਾਨਾਂ ਵਿਚ ਪ੍ਰਸਿੱਧ ਹੋ ਰਹੀਆਂ ਹਨ। ਪੀ.ਏ.ਯੂ. ਆਪਣੀ ਖੋਜ ਯੋਗਤਾ ਨੂੰ ਹਿੱਸੇਦਾਰਾਂ ਲਈ ਲਗਾਤਾਰ ਖੋਜ ਰਿਹਾ ਹੈ।