ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਕਟਰ 32 ਸਥਿਤ ਪਟਵਾਰਖ਼ਾਨੇ ਤੋਂ ਇਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਗੁਰੂਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਸਟਰੀਟ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਸੰਦੀਪ ਸਿੰਘ ਅਤੇ ਉਸਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਲਈ ਪਟਵਾਰਖ਼ਾਨੇ ਗਿਆ ਸੀ, ਜਿੱਥੇ ਕਿ ਕਥਿਤ ਦੋਸ਼ੀ ਸੰਦੀਪ ਸਿੰਘ ਆ ਗਿਆ ਅਤੇ ਉਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ। ਇਨ੍ਹਾਂ ਕਥਿਤ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਅਗਵਾ ਕਰ ਲਿਆ ਉਪਰੰਤ ਉਸ ਨੂੰ ਪਿੰਡ ਗਿੱਲ ਸਥਿਤ ਐਚ.ਡੀ.ਐਫ.ਸੀ. ਬੈਂਕ ਦੀ ਬਰਾਂਚ ਵਿਚ ਲੈ ਗਏ, ਜਿੱਥੇ ਕਿ ਉਸ ਪਾਸੋਂ 2 ਲੱਖ ਰੁਪਏ ਦੀ ਨਗਦੀ ਕਢਵਾ ਲਈ ਅਤੇ 22000 ਦੀ ਨਗਦੀ ਉਸ ਦੀ ਜੇਬ ਵਿਚੋਂ ਕੱਢ ਲਈ। ਇਹ ਨਕਦੀ ਲੈ ਕੇ ਉਕਤ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।