ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮੌਕੇ ਆਂਗਣਵਾੜੀ ਵਰਕਰਾਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ
ਲੁਧਿਆਣਾ, 10 ਅਗਸਤ (ਜਤਿੰਦਰ ਭੰਬੀ)-1942 ਦੇ ਮਹਾਨ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ਵਿਚ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਤਹਿਤ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਡੂੰਘੇ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ।
ਲੁਧਿਆਣਾ, 10 ਅਗਸਤ (ਜਤਿੰਦਰ ਭੰਬੀ)-1942 ਦੇ ਮਹਾਨ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ਵਿਚ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਤਹਿਤ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਡੂੰਘੇ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰ ਸਰਕਾਰ ਦੇਸੀ ਅਤੇ ਵਿਦੇਸ਼ੀ ਵੱਡੇ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਲਗਾਤਾਰ ਅਪਣਾ ਰਹੀ ਹੈ, ਜਦਕਿ ਆਮ ਲੋਕਾਂ, ਖ਼ਾਸ ਕਰਕੇ ਕਮਜ਼ੋਰ ਅਤੇ ਗ਼ਰੀਬ ਵਰਗਾਂ ਵਿਚ ਅਸਮਾਨਤਾਵਾਂ ਹੋਰ ਵਧੀਆਂ ਹਨ। ਕੇਂਦਰੀ ਟਰੇਡ ਯੂਨੀਅਨਾਂ ਦੇ ਮੰਚ ਵਲੋਂ ਕਈ ਵਾਰ ਵਿਸ਼ਾਲ ਜਨਤਕ-ਲਾਮਬੰਦੀਆਂ ਦੇ ਬਾਵਜੂਦ ਸਰਕਾਰ ਨੇ 21 ਨਵੰਬਰ 2025 ਨੂੰ ਚਾਰ ਸਖ਼ਤ ਲੇਬਰ ਕੋਡ ਲਾਗੂ ਕਰਨ ਲਈ ਨੋਟੀਫਾਈ ਕਰ ਦਿੱਤੇ ਅਤੇ 8 ਅਤੇ 9 ਮਈ 2026 ਨੂੰ ਇਨ੍ਹਾਂ ਦੇ ਨਿਯਮ ਵੀ ਨੋਟੀਫਾਈ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਚਾਰ ਮਜ਼ਦੂਰ ਕੋਡ ਅਤੇ ਉਨ੍ਹਾਂ ਦੇ ਨਿਯਮ ਰੱਦ ਕੀਤੇ ਜਾਣ, ਸਾਰੀਆਂ ਫ਼ਸਲਾਂ ’ਤੇ ਐਮ.ਐਸ.ਪੀ. ਅਤੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਬਿਜਲੀ ਸੋਧ ਬਿੱਲ 2025 ਵਾਪਸ ਲਿਆ ਜਾਵੇ, ਸਾਂਤੀ ਐਕਟ ਰੱਦ ਕੀਤਾ ਜਾਵੇ ਅਤੇ ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਮਜ਼ਦੂਰਾਂ ਲਈ ਮਹਿੰਗਾਈ ਭੱਤੇ ਨਾਲ ਜੁੜੀ ਘੱਟੋ-ਘੱਟ ਤਨਖ਼ਾਹ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨੀ ਯਕੀਨੀ ਬਣਾਈ ਜਾਵੇ, ਵੀ ਬੀ-ਗਰਾਮ-ਜੀ ਐਕਟ ਰੱਦ ਕਰਕੇ ਮਨਰੇਗਾ ਬਹਾਲ ਕੀਤੀ ਜਾਵੇ ਅਤੇ ਇਕ ਸਾਲ ਵਿਚ 200 ਦਿਨ ਕੰਮ ’ਤੇ 700 ਰੁਪਏ ਦਿਹਾੜੀ ਯਕੀਨੀ ਬਣਾਈ ਜਾਵੇ, ਦੇਸ਼ ਦੇ ਹਿਤਾਂ ਨੂੰ ਗਿਰਵੀ ਰੱਖਣ ਅਤੇ ਅਧੀਨ ਬਣਾਉਣ ਵਾਲੇ ਵਪਾਰਕ ਸਮਝੌਤੇ ਰੱਦ ਕੀਤੇ ਜਾਣ। ਇਸ ਮੌਕੇ ਆਂਗਣਵਾੜੀ ਕਾਮਿਆਂ ਦੀ ਸੂਬਾਈ ਆਗੂ ਕਾਮਰੇਡ ਸੁਭਾਸ਼ ਰਾਣੀ ਨੇ ਕਿਹਾ ਕਿ ਕਿਸਾਨਾਂ ਅਤੇ ਗ਼ਰੀਬ ਲੋਕਾਂ ਦੇ ਕਰਜ਼ਿਆਂ ਦੀ ਵਿਆਪਕ ਮੁਆਫ਼ੀ ਕੀਤੀ ਜਾਵੇ, ਐਲ.ਏ.ਆਰ.ਆਰ. ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਜਨਤਕ ਖੇਤਰ ਦੇ ਅਦਾਰੇ ਅਤੇ ਜਨਤਕ ਸੇਵਾਵਾਂ ਦਾ ਨਿੱਜੀਕਰਨ, ਵਿਨਿਵੇਸ ਅਤੇ ਵਿੱਕਰੀ ਬੰਦ ਕੀਤੀ ਜਾਵੇ, ਐਨ.ਐਮ.ਪੀ. 2.0 ਰੋਕਿਆ ਜਾਵੇ, ਕੁਦਰਤੀ ਸਰੋਤਾਂ ਦੀ ਲੁੱਟ, ਆਊਟਸੋਰਸਿੰਗ ਅਤੇ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਸਾਰਿਆਂ ਲਈ ਸਰਬ-ਵਿਆਪੀ ਪੈਨਸ਼ਨ ਯਕੀਨੀ ਬਣਾਈ ਜਾਵੇ, ਸਾਰੀਆਂ ਮਨਜ਼ੂਰਸ਼ੁਦਾ ਖ਼ਾਲੀ ਅਸਾਮੀਆਂ ’ਤੇ ਭਰਤੀ ਕੀਤੀ ਜਾਵੇ, ਆਈ.ਐਲ.ਓ. ਕਨਵੈੱਨਸ਼ਨਾਂ 87, 98, 177, 189 ਅਤੇ 190 ਦੀ ਪੁਸ਼ਟੀ ਕੀਤੀ ਜਾਵੇ, ਐਨ.ਐਫ.ਐਸ.ਏ. ਸੋਧ ਐਕਟ ਰੱਦ ਕੀਤਾ ਜਾਵੇ ਅਤੇ ਸਾਰਿਆਂ ਲਈ ਸਰਬ-ਵਿਆਪੀ ਜਨਤਕ ਵੰਡ ਪ੍ਰਣਾਲੀ ਯਕੀਨੀ ਬਣਾਈ ਜਾਵੇ, ਯੂ.ਏ.ਪੀ.ਏ. ਵਰਗੇ ਸਖ਼ਤ ਕਾਨੂੰਨ ਅਤੇ ਬੀ.ਐਨ.ਐਸ. ਵਿਚ ਇਸੇ ਤਰ੍ਹਾਂ ਦੀਆਂ ਦਮਨਕਾਰੀ ਵਿਵਸਥਾਵਾਂ ਵਾਪਸ ਲਈਆਂ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਦੇਸ਼ ਭਰ ਵਿਚ ਕਈ ਦਿਨਾਂ ਦੇ ਅੰਦੋਲਨ ਅਤੇ ਸਿੱਧੇ ਸੰਘਰਸ਼ੀ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕਾਮਰੇਡ ਵਿਜੇ ਕੁਮਾਰ, ਸੁਖਵਿੰਦਰ ਸਿੰਘ ਲੋਟੇ, ਜੈ ਪ੍ਰਕਾਸ਼ ਨਰਾਇਣ, ਪਰਮਜੀਤ ਸਿੰਘ, ਚਮਕੌਰ ਸਿੰਘ ਬਰਮੀ, ਸਤਨਾਮ ਸਿੰਘ ਵੜੈਚ, ਸੌਦਾਗਰ ਸਿੰਘ ਘੁਢਾਣੀ, ਕਰਮਜੀਤ ਸਿੰਘ ਬੀ.ਕੇ.ਯੂ. ਰਾਜੇਵਾਲ ਸ਼ਾਮਿਲ ਸਨ। ਸਟੇਜ ਦੀ ਕਾਰਵਾਈ ਐਮ.ਐਸ. ਭਾਟੀਆ, ਡਾ. ਗੁਰਵਿੰਦਰ ਸਿੰਘ ਅਤੇ ਅਮਰਨਾਥ ਕੂੰਮਕਲਾ ਨੇ ਚਲਾਈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ਸ਼ਾਮਿਲ ਸਨ।