ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੂਬਾ ਸੂਚਨਾ ਕਮਿਸ਼ਨਰ, ਹਰਪ੍ਰੀਤ ਸੰਧੂ ਨੂੰ ਸਨਮਾਨ ਪੱਤਰ ਪ੍ਰਦਾਨ
ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ.
ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵਲੋਂ ਸੂਬਾ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੂੰ ਯੂਨੀਵਰਸਿਟੀ ਦੇ ਅਮੀਰ ਵਿਰਸੇ, ਪ੍ਰਾਪਤੀਆਂ ਅਤੇ ਸੰਸਥਾਗਤ ਪਛਾਣ ਨੂੰ ਆਪਣੀਆਂ ਪ੍ਰਕਾਸ਼ਿਤ ਰਚਨਾਵਾਂ, ਖੇਤੀਬਾੜੀ ਵਿਰਸੇ ਨਾਲ ਸਬੰਧਤ ਚਿੱਤਰਕਾਰੀ ਅਤੇ ਫੋਟੋਗ੍ਰਾਫਿਕ ਦਸਤਾਵੇਜ਼ੀਕਰਨ, ਵਾਤਾਵਰਣ ਸੰਭਾਲ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਰਾਹੀਂ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਵੀ ਵਿਆਪਕ ਪੱਧਰ ’ਤੇ ਉਜਾਗਰ ਕਰਨ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਪੱਤਰ ਅਤੇ ਸਰਟੀਫਿਕੇਟ ਆਫ਼ ਆਨਰ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਪੱਤਰ ਰਾਹੀਂ ਹਰਪ੍ਰੀਤ ਸੰਧੂ ਦੇ ਉਨ੍ਹਾਂ ਨਿਰੰਤਰ ਰਚਨਾਤਮਕ ਯਤਨਾਂ ਨੂੰ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਪੀ.ਏ.ਯੂ. ਦੀ ਅਕਾਦਮਿਕ ਉੱਤਮਤਾ, ਖੇਤੀਬਾੜੀ ਖੋਜ, ਵਾਤਾਵਰਣ ਸੰਭਾਲ ਪਹਿਲਕਦਮੀਆਂ ਅਤੇ ਪੰਜਾਬ ਦੇ ਸੱਭਿਆਚਾਰਕ ਅਤੇ ਪੇਂਡੂ ਵਿਰਸੇ ਨਾਲ ਜੁੜੀਆਂ ਯੂਨੀਵਰਸਿਟੀ ਦੀਆਂ ਉਪਲਬਧੀਆਂ ਨੂੰ ਵਿਆਪਕ ਦਰਸ਼ਕ ਵਰਗ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਨਮਾਨ ਪੱਤਰ ਪ੍ਰਦਾਨ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਆਪਣੀਆਂ ਮਹੱਤਵਪੂਰਨ ਪ੍ਰਕਾਸ਼ਿਤ ਰਚਨਾਵਾਂ, ਕਲਾਤਮਕ ਕੰਮ ਅਤੇ ਵਿਰਸੇ ’ਤੇ ਆਧਾਰਿਤ ਦ੍ਰਿਸ਼ਟੀਗਤ ਸਾਹਿਤ ਰਾਹੀਂ ਹਰਪ੍ਰੀਤ ਸੰਧੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਸ਼ੇਸ਼ “ਰਾਜਦੂਤ” ਵਜੋਂ ਉਭਰੇ ਹਨ ਅਤੇ ਉਨ੍ਹਾਂ ਨੇ ਪੀ.ਏ.ਯੂ. ਦੀ ਖੇਤੀਬਾੜੀ ਖੇਤਰ ਵਿਚ ਉੱਤਮਤਾ ਅਤੇ ਇਸ ਦੀਆਂ ਪ੍ਰਾਪਤੀਆਂ ਦਾ ਸੰਦੇਸ਼ ਵਿਆਪਕ ਪੱਧਰ ’ਤੇ ਪਹੁੰਚਾਇਆ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਗੋਸਲ ਨੇ ਖੇਤੀਬਾੜੀ ਖੋਜ, ਪੇਂਡੂ ਵਿਰਸੇ, ਜੈਵ-ਵਿਭਿੰਨਤਾ ਅਤੇ ਵਾਤਾਵਰਣ ਸੰਭਾਲ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਨੂੰ ਦਰਸਾਉਣ ਵਾਲੇ ਹਰਪ੍ਰੀਤ ਸੰਧੂ ਦੇ ਰਚਨਾਤਮਕ ਅਤੇ ਵਿਦਵਤਾਪੂਰਨ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਉਨ੍ਹਾਂ ਦੀ ਪ੍ਰਸਿੱਧ ਪੁਸਤਕ “ ਵੀਟ ਫੀਲਡਜ ਆਫ ਪੰਜਾਬ - ਦਾ ਸਪਿਰਿਟ ਆਫ ਵਿਸਾਖੀ ” ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅਜਾਇਬਘਰਾਂ, ਫਲਾਂ ਦੇ ਬਾਗਾਂ, ਮੋਰਾਂ, ਜੰਗਲਾਂ ਅਤੇ ਵਿਰਾਸਤੀ ਸਥਾਨਾਂ ਸਬੰਧੀ ਉਨ੍ਹਾਂ ਦਾ ਪ੍ਰਭਾਵਸ਼ਾਲੀ ਸਾਹਿਤਕ ਅਤੇ ਚਿੱਤਰਕਾਰੀ ਦਸਤਾਵੇਜ਼ੀਕਰਨ ਵੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਚਨਾਵਾਂ ਨੇ ਯੂਨੀਵਰਸਿਟੀ ਦੇ ਅਮੀਰ ਸੰਸਥਾਗਤ ਵਿਰਸੇ ਅਤੇ ਕੁਦਰਤ, ਖੇਤੀਬਾੜੀ ਅਤੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਨਾਲ ਇਸ ਦੇ ਗਹਿਰੇ ਸਬੰਧ ਨੂੰ ਵਿਆਪਕ ਦਰਸ਼ਕ ਵਰਗ ਦੇ ਧਿਆਨ ਵਿਚ ਲਿਆਂਦਾ ਹੈ।