ਖ਼ਾਲਸਾ ਏਡ ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਸੇਵਾ
ਜਲੰਧਰ, 11 ਅਗਸਤ (ਸਟਾਫ ਰਿਪੋਰਟਰ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਵਧਾਉਣ ਲਈ ਕੀਤੇ ਜਾ ਰਹੇ ਸਾਂਝੇ ਉਪਰਾਲਿਆਂ ਤਹਿਤ ਖਾਲਸਾ ਏਡ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਵੱਖ-ਵੱਖ ਖੇਤਰਾਂ ’ਚ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ । ਇਸ ਸੇਵਾ ਦੌਰਾਨ ਸੰਸਥਾਵਾਂ ਨਾਲ ਜੁੜੇ ਵਾਲੰਟੀਅਰਾਂ ਅਤੇ ਅਹੁਦੇਦਾਰਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ।
ਜਲੰਧਰ, 11 ਅਗਸਤ (ਸਟਾਫ ਰਿਪੋਰਟਰ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਵਧਾਉਣ ਲਈ ਕੀਤੇ ਜਾ ਰਹੇ ਸਾਂਝੇ ਉਪਰਾਲਿਆਂ ਤਹਿਤ ਖਾਲਸਾ ਏਡ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਵੱਖ-ਵੱਖ ਖੇਤਰਾਂ ’ਚ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ । ਇਸ ਸੇਵਾ ਦੌਰਾਨ ਸੰਸਥਾਵਾਂ ਨਾਲ ਜੁੜੇ ਵਾਲੰਟੀਅਰਾਂ ਅਤੇ ਅਹੁਦੇਦਾਰਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ । ਇਸ ਮੌਕੇ ਖਾਲਸਾ ਏਡ ਦੇ ਸੀਨੀਅਰ ਆਗੂ ਲਖਵੀਰ ਸਿੰਘ ਰਿੰਪਾ ਨੇ ਦੱਸਿਆ ਕਿ ਖਾਲਸਾ ਏਡ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਵਾਤਾਵਰਣ ਦੀ ਸੰਭਾਲ ਨੂੰ ਵੀ ਸੇਵਾ ਦਾ ਮਹੱਤਵਪੂਰਨ ਹਿੱਸਾ ਬਣਾਉਂਦਿਆਂ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਫਲਦਾਰ ਅਤੇ ਛਾਂਦਾਰ ਪੌਦਿਆਂ ਦਾ ਲੰਗਰ ਲਗਾਇਆ ਗਿਆ, ਜਿਸ ਰਾਹੀਂ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਉਪਰਾਲੇ ਦਾ ਮਕਸਦ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਆਮ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਕੁਦਰਤ ਦੀ ਸੰਭਾਲ ਨਾਲ ਜੋੜਨਾ ਵੀ ਹੈ। ਲਖਵੀਰ ਸਿੰਘ ਰਿੰਪਾ ਨੇ ਕਿਹਾ ਕਿ ਇੱਕ ਬੂਟਾ ਲਗਾਉਣਾ ਭਵਿੱਖ ਲਈ ਇੱਕ ਬਿਹਤਰ ਵਾਤਾਵਰਣ ਦੀ ਨੀਂਹ ਰੱਖਣ ਦੇ ਬਰਾਬਰ ਹੈ। ਰੁੱਖ ਸਾਨੂੰ ਸਾਫ਼ ਹਵਾ, ਛਾਂ ਅਤੇ ਕੁਦਰਤੀ ਸੰਤੁਲਨ ਪ੍ਰਦਾਨ ਕਰਦੇ ਹਨ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ ।