ਚੋਰੀ ਕਰਨ ਆਇਆ ਨੌਜਵਾਨ ਸੁਰੱਖਿਆ ਮੁਲਾਜ਼ਮ ਵਲੋਂ ਚਲਾਈ ਗਈ ਗੋਲੀ ਨਾਲ ਜ਼ਖ਼ਮੀ
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰਦੇਵ ਨਗਰ ਵਿਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਰਿਸ਼ਤੇਦਾਰ ਦੀ ਉਸਾਰੀ ਅਧੀਨ ਕੋਠੀ ਵਿਚ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਨੌਜਵਾਨ ਉੱਥੇ ਤੈਨਾਤ ਨਿੱਜੀ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰਦੇਵ ਨਗਰ ਵਿਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਰਿਸ਼ਤੇਦਾਰ ਦੀ ਉਸਾਰੀ ਅਧੀਨ ਕੋਠੀ ਵਿਚ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਨੌਜਵਾਨ ਉੱਥੇ ਤੈਨਾਤ ਨਿੱਜੀ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਨੌਜਵਾਨ ਦੀ ਸ਼ਨਾਖ਼ਤ ਜਸਪ੍ਰੀਤ ਵਜੋਂ ਕੀਤੀ ਗਈ ਹੈ। ਇਹ ਨੌਜਵਾਨ ਅੱਜ ਬਾਅਦ ਦੁਪਹਿਰ ਗੁਰਦੇਵ ਨਗਰ ਵਿਚ ਇਕ ਵੱਡੇ ਕਾਰੋਬਾਰੀ ਦੀ ਉਸਾਰੀ ਅਧੀਨ ਕੋਠੀ ਵਿਚ ਦਾਖਲ ਹੋਇਆ ਸੀ। ਇਹ ਨੌਜਵਾਨ ਉਥੋਂ ਸਾਮਾਨ ਚੋਰੀ ਕਰ ਰਿਹਾ ਸੀ ਕਿ ਅਜਿਹਾ ਕਰਦੇ ਉਨ੍ਹਾਂ ਨੂੰ ਉੱਥੇ ਡਿਊਟੀ ’ਤੇ ਤੈਨਾਤ ਕਾਰੋਬਾਰੀ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਨੇ ਦੇਖ ਲਿਆ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਹਨਾਂ ਵਿਚੋਂ ਨੌਜਵਾਨ ਨੇ ਆਪਣੇ ਪਾਸ ਰੱਖਿਆ ਦਾਤ ਕੱਢ ਲਿਆ ਤੇ ਸੁਰੱਖਿਆ ਮੁਲਾਜ਼ਮ ’ਤੇ ਹਮਲਾ ਕਰ ਦਿੱਤਾ। ਸੁਰੱਖਿਆ ਮੁਲਾਜ਼ਮ ਵਲੋਂ ਵੀ ਗੋਲੀ ਚਲਾ ਦਿੱਤੀ ਗਈ, ਜਿਨ੍ਹਾਂ ਵਿਚੋਂ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਏ.ਸੀ.ਪੀ. ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀ ਦੇ ਕਬਜ਼ੇ ਵਿਚੋਂ ਕੁੱਝ ਚੋਰੀ ਕੀਤੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਨੌਜਵਾਨ ਨਸ਼ੇ ਨਾਲ ਧੁੱਤ ਦੱਸਿਆ ਜਾ ਰਿਹਾ ਸੀ ਅਤੇ ਉਸ ਦੇ ਕਬਜ਼ੇ ਵਿਚੋਂ ਕੁੱਝ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਪੁਲਿਸ ਨੇ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ। ਸੂਤਰਾਂ ਅਨੁਸਾਰ ਇਹ ਦੋ ਕਥਿਤ ਦੋਸ਼ੀ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਸਾਰੀ ਅਧੀਨ ਕੋਠੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨੇੜਲੇ ਰਿਸ਼ਤੇਦਾਰ ਦੀ ਦੱਸੀ ਜਾ ਰਹੀ ਹੈ।