ਸਿਹਤ ਟੀਮਾਂ ਵਲੋਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਸਮੇਤ ਰਿਹਾਇਸ਼ੀ ਇਲਾਕਿਆਂ ’ ਚ ਡੇਂਗੂ ਲਾਰਵਾ ਦੀ ਜਾਂਚ
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)- ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਐਂਟੀ-ਡੇਂਗੂ ਮੁਹਿੰਮ ਤਹਿਤ ਅੱਜ ਲੁਧਿਆਣਾ ਵਿਚ ਸਿਹਤ ਟੀਮਾਂ ਵਲੋਂ ਵਿਆਪਕ ਪੱਧਰ ’ਤੇ ਲਾਰਵਾ ਚੈਕਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)- ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਐਂਟੀ-ਡੇਂਗੂ ਮੁਹਿੰਮ ਤਹਿਤ ਅੱਜ ਲੁਧਿਆਣਾ ਵਿਚ ਸਿਹਤ ਟੀਮਾਂ ਵਲੋਂ ਵਿਆਪਕ ਪੱਧਰ ’ਤੇ ਲਾਰਵਾ ਚੈਕਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਸਿਹਤ ਟੀਮਾਂ ਨੇ ਰਿਹਾਇਸ਼ੀ ਇਲਾਕਿਆਂ ਦੇ ਨਾਲ-ਨਾਲ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਦਾ ਦੌਰਾ ਕਰਕੇ ਡੇਂਗੂ ਦੇ ਮੱਛਰ ਦੇ ਪ੍ਰਜਨਨ ਸਥਾਨਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ। ਮੁਹਿੰਮ ਦੌਰਾਨ ਸਿਹਤ ਟੀਮਾਂ ਵਲੋਂ ਕੁੱਲ 255 ਇਲਾਕਿਆਂ ਦਾ ਦੌਰਾ ਕਰਕੇ 5,478 ਘਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 13,855 ਪਾਣੀ ਇਕੱਠਾ ਕਰਨ ਵਾਲੇ ਕਨਟੇਨਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 21 ਕਨਟੇਨਰ ਡੇਂਗੂ ਦੇ ਲਾਰਵੇ ਲਈ ਪਾਜ਼ੀਟਿਵ ਪਾਏ ਗਏ, ਜਦਕਿ 17 ਘਰਾਂ ਵਿਚ ਵੀ ਲਾਰਵਾ ਮਿਲਿਆ। ਲਾਰਵਾ ਮਿਲਣ ਵਾਲੀਆਂ ਥਾਵਾਂ ’ਤੇ ਮੌਕੇ ’ਤੇ ਲੋੜੀਂਦੀ ਕਾਰਵਾਈ ਕਰਦਿਆਂ ਲੋਕਾਂ ਨੂੰ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਤੁਰੰਤ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਸਿਹਤ ਟੀਮਾਂ ਵਲੋਂ 236 ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਦਾ ਵੀ ਦੌਰਾ ਕੀਤਾ ਗਿਆ। ਦਫ਼ਤਰਾਂ ਦੇ ਆਲੇ-ਦੁਆਲੇ ਅਤੇ ਅੰਦਰ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਚੌਕਸ ਰਹਿਣ, ਸਿਹਤ ਟੀਮਾਂ ਨਾਲ ਸਹਿਯੋਗ ਕਰਨ ਅਤੇ ਲੁਧਿਆਣਾ ਨੂੰ ਡੇਂਗੂ ਤੋਂ ਸੁਰੱਖਿਅਤ ਰੱਖਣ ਲਈ ਸਾਂਝੇ ਤੌਰ ’ਤੇ ਯਤਨ ਕਰਨ।