ਮਿਸ਼ਨ ਕਲੀਨ ਪੰਜਾਬ ਦੇ ਬਾਵਜੂਦ ਸ਼ਹਿਰ ’ਚ ਸਫ਼ਾਈ ਵਿਵਸਥਾ ’ਚ ਕੋਈ ਸੁਧਾਰ ਨਹੀਂ
ਲੁਧਿਆਣਾ, 14 ਅਕਤੂਬਰ-ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਦੇ ਬਾਵਜੂਦ ਮਹਾਂਨਗਰ ਦੀਆਂ ਸੜਕਾਂ ਅਤੇ ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਸਫ਼ਾਈ ਨੂੰ ਲੈ ਕੇ ਵਾਰ-ਵਾਰ ਮੁਹਿੰਮਾਂ, ਨਿਰੀਖਣਾਂ ਅਤੇ ਦਾਅਵਿਆਂ ਦੇ ਬਾਵਜੂਦ ਜੇਕਰ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕੂੜਾ ਹੀ ਨਜ਼ਰ ਆ ਰਿਹਾ ਹੈ ਤਾਂ ਸਵਾਲ ਉਠਣਾ ਸੁਭਾਵਿਕ ਹੈ ਕਿ ਸਫ਼ਾਈ ਪ੍ਰਬੰਧਾਂ ਦਾ ਅਸਲ ਅਸਰ ਜ਼ਮੀਨੀ ਪੱਧਰ ’ਤੇ ਕਿੱਥੇ ਹੈ।
ਸ਼
ਸ਼ਹਿਰ ਦੇ ਸ਼ਿਮਲਾਪੁਰੀ, ਡਾਬਾ ਰੋਡ ਪੁਰਾਣੀ ਸਬਜ਼ੀ ਮੰਡੀ ਦੇ ਖਾਲੀ ਪਲਾਟ ਵਿਚ ਪਏ ਕੂੜੇ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ
15-10-2026
ਲੁਧਿਆਣਾ, 14 ਅਕਤੂਬਰ-ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਦੇ ਬਾਵਜੂਦ ਮਹਾਂਨਗਰ ਦੀਆਂ ਸੜਕਾਂ ਅਤੇ ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਸਫ਼ਾਈ ਨੂੰ ਲੈ ਕੇ ਵਾਰ-ਵਾਰ ਮੁਹਿੰਮਾਂ, ਨਿਰੀਖਣਾਂ ਅਤੇ ਦਾਅਵਿਆਂ ਦੇ ਬਾਵਜੂਦ ਜੇਕਰ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕੂੜਾ ਹੀ ਨਜ਼ਰ ਆ ਰਿਹਾ ਹੈ ਤਾਂ ਸਵਾਲ ਉਠਣਾ ਸੁਭਾਵਿਕ ਹੈ ਕਿ ਸਫ਼ਾਈ ਪ੍ਰਬੰਧਾਂ ਦਾ ਅਸਲ ਅਸਰ ਜ਼ਮੀਨੀ ਪੱਧਰ ’ਤੇ ਕਿੱਥੇ ਹੈ। ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਹਾਲ ਹੀ ਵਿਚ 1208 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦਾ ਮੁੱਦਾ ਵੀ ਚਰਚਾ ਵਿਚ ਰਿਹਾ ਹੈ। ਨਿਗਮ ਹਾਊਸ ਵਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਦੇ ਇਕ ਸਾਲ ਦੇ ਵਾਧੇ ਨਾਲ ਸਬੰਧਿਤ ਪ੍ਰਸਤਾਵ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਕੌਂਸਲਰਾਂ ਵਲੋਂ ਵਾਰਡ ਵਾਈਜ਼ ਸੂਚੀ, ਤਾਇਨਾਤੀ, ਡਿਊਟੀ ਸਥਾਨ ਅਤੇ ਹਾਜ਼ਰੀ ਦੀ ਤਸਦੀਕ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਵਿਚ ਉਠੇ ਸਵਾਲਾਂ ਨੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਨੂੰ ਸਵਾਲਾਂ ’ਚ ਲਿਆ ਖੜ੍ਹਾ ਕੀਤਾ ਹੈ। ਸਾਬਕਾ ਨਿਗਮ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਸੂਚੀਆਂ ਵਾਰਡਾਂ ਵਿਚ ਪ੍ਰਦਰਸ਼ਿਤ ਕਰਨ ਅਤੇ ਕੌਂਸਲਰਾਂ ਨਾਲ ਸਾਂਝੀਆਂ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਹਾਊਸ ਵਿਚ ਮੁਲਾਜ਼ਮਾਂ ਦੀ ਭੌਤਿਕ ਤਸਦੀਕ ਨੂੰ ਲੈ ਕੇ ਵੀ ਮੰਗ ਉਠੀ। ਇਸ ਤੋਂ ਪਹਿਲਾਂ ਹੀ ਭਾਜਪਾ ਵਲੋਂ ਵੀ ਦਾਅਵਾ ਕੀਤਾ ਗਿਆ ਸੀ ਕਿ ਵੱਡੀ ਗਿਣਤੀ ਵਿਚ ਸਫ਼ਾਈ ਮੁਲਾਜ਼ਮਾਂ ਦੀਆਂ ਸੇਵਾਵਾਂ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸਿਆ ਵਿਚ ਸਫ਼ਾਈ ਵਿਵਸਥਾ ਖ਼ਰਾਬ ਹੈ, ਉਥੇ ਹੀ ਸ਼ਹਿਰ ਦੇ ਮੁੱਖ ਆਰਤੀ ਚੌਕ, ਸ਼ਿਮਲਾਪੁਰੀ ਡਾਬਾ ਰੋਡ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਮਸ਼ਾਨ ਘਾਟ ਰੋਡ ਦੇ ਨਾਲ ਲੱਗਦਿਆਂ ਪਾਰਕਾਂ ਦੇ ਬਾਹਰ ਅਤੇ ਸ਼ਹਿਰ ਦੇ ਅਨੇਕਾਂ ਇਲਾਕਿਆਂ ਵਿਚ ਕੂੜਾ ਪਿਆ ਆਮ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਾਰਡਾਂ ਵਿਚ ਪਏ ਕੂੜੇ ਨੂੰ ਲੈ ਕੇ ਹਾਊਸ ਦੀ ਮੀਟਿੰਗ ’ਚ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦੇ ਕੌਂਸਲਰਾਂ ਵਲੋਂ ਵੀ ਉਨ੍ਹਾਂ ਦੇ ਵਾਰਡਾਂ ਵਿਚ ਸਫ਼ਾਈ ਨਾ ਹੋਣ ਨੂੰ ਲੈ ਕੇ ਆਵਾਜ਼ ਚੁੱਕੀ ਗਈ ਸੀ। ਹੁਣ ਨਿਗਮ ਦੀ ਕਮਾਨ ਨਵੇਂ ਕਮਿਸ਼ਨਰ ਅੰਕੁਰ ਮਹਿੰਦਰੂ ਦੇ ਹੱਥ ਆ ਗਈ ਹੈ। ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਲੁਧਿਆਣਾ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅਜਿਹੇ ਵਿਚ ਨਵੇਂ ਕਮਿਸ਼ਨਰ ਸਾਹਮਣੇ ਸਭ ਤੋਂ ਵੱਡੀਆਂ ਚੁਨੌਤੀਆਂ ਵਿਚੋਂ ਇਕ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਜ਼ਮੀਨੀ ਪੱਧਰ ’ਤੇ ਸੁਧਾਰਨਾ ਹੋਵੇਗਾ। ਲੋਕਾਂ ਦੀ ਉਮੀਦ ਹੈ ਕਿ ਕਾਗ਼ਜ਼ੀ ਕਾਰਵਾਈ ਅਤੇ ਮੁਹਿੰਮਾਂ ਤੋਂ ਅੱਗੇ ਵੱਧ ਕੇ ਕੂੜਾ ਸਮੇਂ ਸਿਰ ਚੁੱਕਣ, ਵਾਰਡਾਂ ਵਿਚ ਸਫ਼ਾਈ ਯਕੀਨੀ ਬਣਾਉਣਾ ਅਤੇ ਸਫ਼ਾਈ ਕਰਮਚਾਰੀਆਂ ਦੀ ਅਸਲ ਤਸਦੀਕ ਦੀ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾਵੇ। ਸਵਾਲ ਹੁਣ ਸਿਰਫ਼ ਮਿਸ਼ਨ ਕਲੀਨ ਪੰਜਾਬ ਦੇ ਦਾਅਵਿਆਂ ਦਾ ਨਹੀਂ, ਲੁਧਿਆਣਾ ਵਾਸੀ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰਾਂ, ਗਲੀਆਂ ਅਤੇ ਸੜਕਾਂ ’ਤੇ ਕੂੜੇ ਦੇ ਢੇਰ ਆਖ਼ਰ ਕਦੋਂ ਹਟਣਗੇ?