ਸੀ. ਐਮ. ਸੀ. ਵਿਖੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਲਈ ‘ਕੈਡੇਵਰਿਕ ਓਥ’ ਸਮਾਰੋਹ ਕਰਵਾਇਆ
ਲੁਧਿਆਣਾ, 18 ਅਕਤੂਬਰ(ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਾਲ 2026 ਵਿਚ ਦਾਖਲ ਹੋਏ ਐਮ.
ਲੁਧਿਆਣਾ, 18 ਅਕਤੂਬਰ(ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਾਲ 2026 ਵਿਚ ਦਾਖਲ ਹੋਏ ਐਮ.ਬੀ.ਬੀ.ਐਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ‘ਕੈਡੇਵਰਿਕ ਓਥ’ ਸਮਾਰੋਹ ਕਰਵਾਇਆ ਗਿਆ। ‘ਕੈਡੇਵਰਿਕ ਓਥ’ ਇਕ ਅਜਿਹੀ ਸਹੁੰ ਹੈ, ਜੋ ਵਿਦਿਆਰਥੀ ਮ੍ਰਿਤ-ਦੇਹ ਦੀ ਚੀਰ-ਫਾੜ ਰਾਹੀਂ ਅਧਿਐਨ ਦੇ ਪਹਿਲੇ ਦਿਨ ਲੈਂਦੇ ਹਨ, ਜਿਸ ਵਿਚ ਉਹ ਪ੍ਰਣ ਕਰਦੇ ਹਨ ਕਿ ਉਹ ਉਨ੍ਹਾਂ ਮ੍ਰਿਤ-ਦੇਹਾਂ ਦਾ ਹਮੇਸ਼ਾ ਸਤਿਕਾਰ ਕਰਨਗੇ, ਜਿਨ੍ਹਾਂ ’ਤੇ ਉਹ ਕੰਮ ਕਰਨ ਜਾ ਰਹੇ ਹਨ। ਮ੍ਰਿਤ-ਦੇਹ ਪ੍ਰਤੀ ਸਤਿਕਾਰ, ਸਿੱਖਿਆ ਪ੍ਰਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ, ਕਿਉਂਕਿ ਇਕ ਮੈਡੀਕਲ ਵਿਦਿਆਰਥੀ ਲਈ ਮ੍ਰਿਤ-ਦੇਹ ਉਸਦਾ ਪਹਿਲਾ ਅਧਿਆਪਕ ਅਤੇ ਪਹਿਲਾ ਮਰੀਜ਼ ਦੋਵੇਂ ਹੁੰਦੀ ਹੈ। ਐਮ.ਬੀ.ਬੀ.ਐਸ. ਦੇ ਨਵੇਂ ਯੋਗਤਾ-ਆਧਾਰਿਤ ਪਾਠਕ੍ਰਮ ਵਿਚ ਮ੍ਰਿਤ-ਦੇਹ ਆਧਾਰਿਤ ਸਿੱਖਿਆ ਦੌਰਾਨ ਪੇਸ਼ੇਵਰ ਅਤੇ ਨੈਤਿਕ ਰਵੱਈਏ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ ਹੈ। ਇਹ ਸਮਾਰੋਹ ‘ਐਨਾਟਮੀ’ ਵਿਭਾਗ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਪ੍ਰਿੰਸੀਪਲ ਡਾ. ਜੈਰਾਜ ਪਾਂਡੀਅਨ, ਵਾਈਸ ਪ੍ਰਿੰਸੀਪਲ ਡਾ. ਦਿਨੇਸ਼ ਬਡਿਆਲ, ਡਾ. ਅਭਿਲਾਸ਼ਾ, ਡਾ. ਸ਼ਰੀਨ ਅਤੇ ਕੋਆਰਡੀਨੇਟਰ ਡਾ. ਨਿਖਿਲ ਗੌਤਮ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਮਾਰੋਹ ਦੀ ਸ਼ੁਰੂਆਤ ਰੈਵਰੈਂਡ ਨਿਤਿਨ ਵੱਲੋਂ ਕੀਤੀ ਪ੍ਰਾਰਥਨਾ ਨਾਲ ਹੋਈ, ਜਿਸ ਤੋਂ ਬਾਅਦ ਐਨਾਟਮੀ ਵਿਭਾਗ ਦੀ ਮੁਖੀ ਡਾ. ਅਪਰਾਜਿਤਾ ਸਿੱਕਾ ਨੇ ਸਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ‘ਕੈਡੇਵਰਿਕ ਓਥ’ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਇਹ ਮ੍ਰਿਤ-ਦੇਹਾਂ ਕਦੇ ਜਿਉਂਦੇ-ਜਾਗਦੇ ਇਨਸਾਨ ਸਨ, ਜਿਨ੍ਹਾਂ ਨੇ ਡਾਕਟਰੀ ਸਿੱਖਿਆ ਲਈ ਆਪਣੇ ਸਰੀਰ ਦਾਨ ਕਰਨ ਦਾ ਮਹਾਨ ਬਲੀਦਾਨ ਦਿੱਤਾ ਹੈ। ਇਸ ਲਈ ਇਨ੍ਹਾਂ ਨਾਲ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ।