ਸਿੱਖ ਕੌਮ ਦੇ ਮਹਾਨ ਜਰਨੈਲ ਬ੍ਰਹਮ ਗਿਆਨੀ ਧੰਨ - ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ- 1 ਦੁੱਗਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਬ੍ਰਹਮਗਿਆਨੀ ਧੰਨ-ਧੰਨ ਬਾਬਾ ਬੁੱਢਾ ਜੀ ਦਾ ਪਾਵਨ ਜਨਮ ਦਿਹਾੜਾ ਸਮੂਹ ਸਾਧ-ਸੰਗਤ ਦੇ ਪੂਰਨ ਸਹਿਯੋਗ ਨਾਲ ਬੜੀ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਕਥਾ-ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਹਾਜ਼ਰੀ ਭਰੀ।
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ- 1 ਦੁੱਗਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਬ੍ਰਹਮਗਿਆਨੀ ਧੰਨ-ਧੰਨ ਬਾਬਾ ਬੁੱਢਾ ਜੀ ਦਾ ਪਾਵਨ ਜਨਮ ਦਿਹਾੜਾ ਸਮੂਹ ਸਾਧ-ਸੰਗਤ ਦੇ ਪੂਰਨ ਸਹਿਯੋਗ ਨਾਲ ਬੜੀ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਕਥਾ-ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਹਾਜ਼ਰੀ ਭਰੀ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਪਟਿਆਲੇ ਵਾਲਿਆਂ ਨੇ ਆਪਣੀ ਰਸਭਿੰਨੀ ਆਵਾਜ਼ ਵਿਚ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਚਰਨਾਂ ਨਾਲ ਜੋੜਿਆ। ਇਸ ਉਪਰੰਤ ਭਾਈ ਸਰਬਜੀਤ ਸਿੰਘ ਔਲਖ ਨੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮੂਹ ਸੰਗਤਾਂ ਨੂੰ ਧੰਨ-ਧੰਨ ਬਾਬਾ ਬੁੱਢਾ ਜੀ ਦੇ ਤਿਆਗ, ਨਿਮਰਤਾ, ਸੇਵਾ ਅਤੇ ਸਿਮਰਨ ਭਰੇ ਪਾਵਨ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੇ ਦਰਸਾਏ ਗੁਰਮਤਿ ਮਾਰਗ ‘ਤੇ ਚੱਲਦਿਆਂ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਵੱਡੀ ਗਿਣਤੀ ਵਿਚ ਪਹੁੰਚੀਆਂ ਸਮੂਹ ਸੰਗਤਾਂ ਅਤੇ ਪ੍ਰਚਾਰਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ‘ਚ ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਯਸ਼ਪਾਲ ਸਿੰਘ, ਡਾਕਟਰ ਪ੍ਰੇਮ ਸਿੰਘ ਚਾਵਲਾ, ਮਲਕੀਤ ਸਿੰਘ, ਗੁਰਦੀਪ ਸਿੰਘ ਕਾਲੜਾ, ਚਰਨਜੀਤ ਸਿੰਘ ਪਾਇਲ, ਬਲਵੀਰ ਸਿੰਘ, ਸਰਬਜੀਤ ਸਿੰਘ ਚੱਗਰ, ਜਗਮੋਹਨ ਸਿੰਘ, ਰਘਵੀਰ ਸਿੰਘ, ਵਰਿੰਦਰ ਮੋਹਨ ਸਿੰਘ, ਪਰਮਜੀਤ ਸਿੰਘ, ਤਰਲੋਕ ਸਿੰਘ ਸੱਚਦੇਵਾ, ਕੰਵਲਜੀਤ ਸਿੰਘ, ਜਸਪਾਲ ਸਿੰਘ, ਕਿਰਪਾਲ ਸਿੰਘ ਕਾਲੜਾ ਆਦਿ ਹਾਜ਼ਰ ਸਨ।