ਨਗਰ ਨਿਗਮ ਨੇ ਅੱਠ ਦੁਕਾਨਾਂ ਸਮੇਤ 11 ਨਾਜਾਇਜ਼ ਉਸਾਰੀਆਂ ਨੂੰ ਢਾਹਿਆ, ਦੁਕਾਨ ਕੀਤੀ ਸੀਲ
ਲੁਧਿਆਣਾ, 12 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ, ਨਗਰ ਨਿਗਮ ਨੇ ਵੀਰਵਾਰ ਨੂੰ 11 ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਨ੍ਹਾਂ ਵਿਚ ਅੱਠ ਦੁਕਾਨਾਂ, ਲੇਬਰ ਕੁਆਰਟਰ, ਇਕ ਉਦਯੋਗਿਕ ਹਾਲ ਅਤੇ ਨਾਜਾਇਜ਼ ਕਬਜ਼ਾ ਸ਼ਾਮਲ ਸੀ।
ਲੁਧਿਆਣਾ, 12 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ, ਨਗਰ ਨਿਗਮ ਨੇ ਵੀਰਵਾਰ ਨੂੰ 11 ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਨ੍ਹਾਂ ਵਿਚ ਅੱਠ ਦੁਕਾਨਾਂ, ਲੇਬਰ ਕੁਆਰਟਰ, ਇਕ ਉਦਯੋਗਿਕ ਹਾਲ ਅਤੇ ਨਾਜਾਇਜ਼ ਕਬਜ਼ਾ ਸ਼ਾਮਲ ਸੀ। ਨਾਜਾਇਜ਼ ਉਸਾਰੀਆਂ ਵਿਰੁੱਧ ਇਹ ਮੁਹਿੰਮ ਨਗਰ ਨਿਗਮ ਕਮਿਸ਼ਨਰ ਦਮਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਚਲਾਈ ਗਈ। ਇਹ ਨਾਜਾਇਜ਼ ਉਸਾਰੀਆਂ ਬਾਜਵਾ ਨਗਰ, ਬਹਾਦਰਕੇ ਰੋਡ, ਨਿਊ ਆਜ਼ਾਦ ਨਗਰ, ਦੀਪ ਵਿਹਾਰ ਅਤੇ ਨੇੜਲੇ ਇਲਾਕਿਆਂ ਵਿਚ ਸਨ। ਸਹਾਇਕ ਟਾਊਨ ਪਲਾਨਰ (ਏ.ਟੀ.ਪੀ. ਜ਼ੋਨ ਏ.) ਨਿਰਵਾਨ ਨੇ ਦੱਸਿਆ ਕਿ ਇਨ੍ਹਾਂ ਨਾਜਾਇਜ਼ ਇਮਾਰਤਾਂ ਵਿਰੁੱਧ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਮਾਲਕਾਂ ਨੇ ਪਹਿਲਾਂ ਦਿੱਤੀਆਂ ਚੇਤਾਵਨੀਆਂ/ਨੋਟਿਸਾਂ ਦੇ ਬਾਵਜੂਦ ਨਾਜਾਇਜ਼ ਉਸਾਰੀ ਦਾ ਕੰਮ ਜਾਰੀ ਰੱਖਿਆ ਸੀ। ਇਸ ਤੋਂ ਇਲਾਵਾ, ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਨਿਗਮ ਤੋਂ ਆਪਣੇ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਨਾਜਾਇਜ਼ ਇਮਾਰਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏ.ਟੀ.ਪੀ. ਨਿਰਵਾਨ ਨੇ ਅੱਗੇ ਕਿਹਾ ਕਿ ਨਾਜਾਇਜ਼ ਉਸਾਰੀਆਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।