ਖਰੜ, 24 ਜਨਵਰੀ (ਗੁਰਮੁੱਖ ਸਿੰਘ ਮਾਨ)-ਸਥਾਨਕ ਗੁਰੂ ਤੇਗ਼ ਬਹਾਦਰ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਅਵਤਾਰ ਸਿੰਘ ਸੈਂਪਲਾ ਨੇ ਦੱਸਿਆ ਕਿ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 25 ਜਨਵਰੀ ਨੂੰ ਸਵੇਰੇ 10 ਵਜੇ ਅੰਮਿ੍ਤ ਸੰਚਾਰ ਹੋਵੇਗਾ ਜਦਕਿ 26 ਜਨਵਰੀ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਬੱਚਿਆਂ ਤੇ ਬੀਬੀਆਂ ਸਮੇਤ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਗਿਆਨੀ ਜੰਗ ਸਿੰਘ ਮਿਸ਼ਲ ਸ਼ਹੀਦਾਂ ਤਰਨਾ ਦਲ ਵਲੋਂ ਕਥਾ-ਵਿਚਾਰਾਂ ਤੇ ਭਾਈ ਗੁਰਕੀਰਤ ਸਿੰਘ ਡਬਲ ਐਮ. ਏ. ਦੇ ਕਵਿਸ਼ਰੀ ਜਥੇ ਵਲੋਂ ਗੁਰ-ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਗੁਰਮਤਿ ਸਮਾਗਮ ਦੌਰਾਨ ਸਿੰਘ ਸਾਹਿਬ ਬਾਬਾ ਜੋਗਾ ਸਿੰਘ 16ਵੇਂ ਮੁਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਉਚੇਚੇ ਤੌਰ 'ਤੇ ਹਾਜ਼ਰੀ ਭਰਨਗੇ | ਸਮਾਗਮ ਦੇ ਅੰਤਿਮ ਦਿਨ ਸੰਗਤਾਂ ਦੀ ਸਹੂਲਤ ਲਈ ਡਾਕਟਰਾਂ ਦੀਆਂ ਟੀਮਾਂ ਦੁਆਰਾ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ |