ਜ਼ੀਰਕਪੁਰ, 24 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਕੰਪਨੀ ਦੀ ਗੱਡੀ 'ਚੋਂ 37 ਐਕਸਾਈਡ ਦੀਆਂ ਬੈਟਰੀਆਂ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਚੋਰਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਪਵਨ ਮੂਲ ਵਾਸੀ ਪਿੰਡ ਬਾਸਲਾ ਭਿਵਾਨੀ (ਹਰਿਆਣਾ) ਤੇ ਹਾਲ ਵਾਸੀ ਗੁਰਦੇਵ ਨਗਰ ਭਬਾਤ ਨੇ ਦੱਸਿਆ ਕਿ ਉਹ ਅਤਰ ਲਾਜਿਸਟਿਕ ਪ੍ਰਾ. ਲਿ. ਕੰਪਨੀ ਵਿਚ ਡਰਾਈਵਰ ਦੀ ਨੌਕਰੀ ਕਰਦਾ ਹੈ | ਉਹ ਕੰਪਨੀ ਦੀ ਮਹਿੰਦਰਾ ਪਿਕਅੱਪ ਗੱਡੀ ਚਲਾਉਂਦਾ ਹੈ ਤੇ ਕਈ ਵਾਰੀ ਗੱਡੀ ਰਾਤ ਨੂੰ ਆਪਣੇ ਘਰ ਭਬਾਤ ਵੀ ਲੈ ਕੇ ਜਾਂਦਾ ਸੀ | ਉਸ ਨੇ ਦੱਸਿਆ ਕਿ 18-19 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੰਪਨੀ ਦੇ ਮਾਲ ਨਾਲ ਭਰੀ ਗੱਡੀ ਭਬਾਤ ਸਥਿਤ ਉਸ ਦੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਇਸੇ ਦੌਰਾਨ ਇਕ ਆਟੋ ਚਾਲਕ ਸਮੇਤ ਦੋ ਹੋਰ ਅਣਪਛਾਤੇ ਵਿਅਕਤੀ ਗੱਡੀ 'ਚੋਂ ਐਕਸਾਈਡ ਦੀਆਂ 37 ਬੈਟਰੀਆਂ ਚੋਰੀ ਕਰਕੇ ਫ਼ਰਾਰ ਹੋ ਗਏ | ਚੋਰੀ ਦੀ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਉਸ ਨੇ ਦੱਸਿਆ ਕਿ ਚੋਰੀ ਹੋਈਆਂ ਬੈਟਰੀਆਂ ਦੇ ਬਿੱਲ ਤੇ ਇਨਵਾਈਸ ਬਿੱਲ ਉਨ੍ਹਾਂ ਦੇ ਕੋਲ ਪਏ ਹਨ | ਘਟਨਾ ਤੋਂ ਬਾਅਦ ਉਨ੍ਹਾਂ ਚੋਰੀ ਦੀ ਸ਼ਿਕਾਇਤ ਪੁਲਿਸ ਥਾਣਾ ਜ਼ੀਰਕਪੁਰ ਵਿਖੇ ਦਿੱਤੀ |