ਮਾਜਰੀ, 24 ਜਨਵਰੀ (ਕੁਲਵੰਤ ਸਿੰਘ ਧੀਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਾਰਮਿਕ ਤੇ ਸਮਾਜਿਕ ਮੰਗਾਂ ਸੰਬੰਧੀ ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ 26 ਜਨਵਰੀ ਨੂੰ ਟੋਲ ਪਲਾਜ਼ਾ ਬੜੌਦੀ ਤੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਦੱਸਿਆ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਅਫ਼ਸਰਾਂ ਤੇ ਆਗੂਆਂ ਨੂੰ ਸਜ਼ਾ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਚਲੀਆਂ ਆ ਰਹੀਆਂ ਹਨ, ਉਥੇ ਹੀ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ, ਸੀਡ ਬਿੱਲ ਤੇ ਲੇਬਰ ਕੋਡ ਬਿੱਲ ਦੇ ਵਿਰੋਧ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਫ਼ਸਲਾਂ 'ਤੇ ਐਮ. ਐਸ. ਪੀ. ਦੀ ਗਰੰਟੀ ਦੇਣ ਆਦਿ ਮੰਗਾਂ ਨੂੰ ਲੈ ਕੇ 26 ਜਨਵਰੀ ਨੂੰ ਪੂਰੇ ਪੰਜਾਬ ਅੰਦਰ ਕਿਸਾਨਾਂ, ਮਜ਼ਦੂਰਾਂ, ਬਿਜ਼ਲੀ ਮੁਲਾਜ਼ਮਾਂ ਤੇ ਦੁਕਾਨਦਾਰਾਂ ਵਲੋਂ ਸਾਂਝੇ ਤੌਰ 'ਤੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ | ਇਸੇ ਲੜੀ ਤਹਿਤ ਲੋਕ ਹਿੱਤ ਮਿਸ਼ਨ ਵਲੋਂ 26 ਜਨਵਰੀ ਨੂੰ 10 ਵਜੇ ਬੜੌਦੀ ਟੋਲ ਪਲਾਜ਼ਾ ਤੋਂ ਸਵੇਰੇ 10 ਵਜੇ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ, ਜੋ ਕਿ ਮਾਜਰੀ ਬਲਾਕ, ਮਾਜਰਾ, ਮੁੱਲਾਂਪੁਰ, ਰਤਵਾੜਾ ਸਾਹਿਬ, ਪਲਹੇੜੀ, ਤਿਊੜ, ਸੁਹਾਲੀ, ਝਿੰਗੜਾਂ ਤੋਂ ਕੁਰਾਲੀ ਨੂੰ ਹੁੰਦਾ ਹੋਇਆ ਵਾਪਸ ਬੜੌਦੀ ਟੋਲ ਪਲਾਜ਼ਾ 'ਤੇ ਪੁੱਜ ਕੇ ਸਮਾਪਤ ਹੋਵੇਗਾ |