ਐੱਸ. ਏ. ਐੱਸ. ਨਗਰ, 24 ਜਨਵਰੀ (ਪ੍ਰੋ. ਅਵਤਾਰ ਸਿੰਘ)- ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਰਾਸ਼ਟਰੀ ਸਟਾਰਟਅੱਪ ਦਿਵਸ ਨੂੰ ਸਮਰਪਿਤ 'ਇੰਡੀਆ ਏ. ਆਈ. : ਡਰਾਈਵਿੰਗ ਇਨਕਲੂਸਿਵ ਰਿਸਪੌਂਸੀਬਲ ਐਂਡ ਇੰਮਪੈਕਟ-ਲੈੱਡ ਆਰਟੀਫੀਸ਼ੀਅਲ ਇੰਟੈਲੀਜੈਂਸ' ਦੇ ਬੈਨਰ ਹੇਠ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਹ 'ਇੰਡੀਆ- ਏ. ਆਈ. ਇੰਮਪੈਕਟ ਸਮਿੱਟ-2026' ਦਾ ਅਧਿਕਾਰਤ ਪ੍ਰੀ-ਸਮਿੱਟ ਸੀ, ਜਿਸ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮਾਨਤਾ ਦਿੱਤੀ ਗਈ ਹੈ | ਇਸ ਸਮਾਗਮ 'ਚ ਸਿੱਖਿਆ ਤੇ ਤਕਨਾਲੋਜੀ ਦੇ ਖੇਤਰ ਨਾਲ ਸੰਬੰਧਿਤ ਕਈ ਮਾਹਿਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਤਕਨੀਕੀ ਖੇਤਰ 'ਚ ਆਪਣੀ ਮੋਹਰੀ ਭੂਮਿਕਾ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਕੀ-ਨੋਟ ਐਡਰੈੱਸ, ਪੈਨਲ ਡਿਸਕਸ਼ਨ ਅਤੇ ਵਰਕਸ਼ਾਪਾਂ ਰਾਹੀਂ ਏ. ਆਈ. ਦੇ ਨੈਤਿਕ ਪੱਖਾਂ ਤੇ ਅਸਲ ਦੁਨੀਆ 'ਚ ਇਸ ਦੀ ਵਰਤੋਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ | ਇਸ ਮੌਕੇ ਅਮਿਤ ਕਟਾਰੀਆ ਸੀ. ਈ. ਓ. ਤੇ ਸਹਿ-ਸੰਸਥਾਪਕ ਸਾਰਸ ਏ. ਆਈ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਜ਼ਰਾਈਲ ਦੂਤਾਵਾਸ ਦੀ ਤਕਨਾਲੋਜੀ ਮੁਖੀ ਮਾਇਆ ਸ਼ਰਮਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ 'ਇੰਡੀਆ ਏ.ਆਈ.' ਸਮਿੱਟ ਸਾਡੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ, ਜਿਸ 'ਚ ਤਕਨਾਲੋਜੀ ਅਤੇ ਨੈਤਿਕਤਾ ਦਾ ਮੇਲ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ | ਸਮਾਗਮ ਦਾ ਮੁੱਖ ਆਕਰਸ਼ਣ 'ਏ.ਆਈ. ਪ੍ਰਾਜੈਕਟ ਸ਼ੋਅਕੇਸ' ਸੀ ਜਿਸ ਦੌਰਾਨ ਵਿਦਿਆਰਥੀਆਂ ਵਲੋਂ ਸਿਹਤ ਸੇਵਾਵਾਂ, ਸਾਈਬਰ ਸੁਰੱਖਿਆ ਅਤੇ ਸਿੱਖਿਆ ਨਾਲ ਸੰਬੰਧਿਤ ਏ.ਆਈ. ਮਾਡਲ ਪ੍ਰਦਰਸ਼ਿਤ ਕੀਤੇ ਗਏ ਸਨ | ਇਸ ਸਮਿੱਟ ਦੇ ਮੁੱਖ ਨੁਕਤੇ ਆਗਾਮੀ 19 ਤੇ 20 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ 'ਇੰਡੀਆ-ਏ. ਆਈ. ਇੰਮਪੈਕਟ ਸਮਿੱਟ' ਦੌਰਾਨ ਸਾਂਝੇ ਕੀਤੇ ਜਾਣਗੇ | ਅੰਤ 'ਚ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਅਤੇ ਸਟਾਰਟਅੱਪਸ ਦੇ ਸੀ. ਈ. ਓ. ਡਾ. ਅਤੀ ਪਿ੍ਏ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਗਏ ਸਹਿਯੋਗ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ |