ਐੱਸ. ਏ. ਐੱਸ. ਨਗਰ, 24 ਜਨਵਰੀ (ਕਪਿਲ ਵਧਵਾ)-ਮੁਹਾਲੀ 'ਚ ਅੰਤਰਰਾਸ਼ਟਰੀ ਨੰਬਰਾਂ ਤੋਂ ਆ ਰਹੀਆਂ ਫ਼ਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਕਾਲਾਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ | ਪਹਿਲਾਂ ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਨੂੰ ਫ਼ਿਰੌਤੀ ਲਈ ਕਾਲ ਆਈ ਸੀ, ਜਿਸ ਦੀ ਜਾਂਚ ਦੌਰਾਨ ਸਾਇਬਰ ਸੈੱਲ ਨੇ ਕਾਲ ਦੀ ਤਸਦੀਕ ਕਰਕੇ ਲੋੜੀਂਦੀ ਜਾਣਕਾਰੀ ਹਾਸਿਲ ਕੀਤੀ ਸੀ | ਇਸ ਤੋਂ ਬਾਅਦ ਇਕ ਪ੍ਰਸਿੱਧ ਗਾਇਕ ਬੀ-ਪ੍ਰਾਕ ਤੇ ਅਕਾਲੀ ਆਗੂ ਨੂੰ ਵੀ ਧਮਕੀਆਂ ਭਰੀਆਂ ਕਾਲਾਂ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ | ਹੁਣ ਇਸੇ ਲੜੀ ਤਹਿਤ ਮੁਹਾਲੀ ਦੇ ਸੈਕਟਰ-79 ਸਥਿਤ ਮਕਾਨ ਨੰ. 1545 'ਚ ਰਹਿੰਦੇ ਪ੍ਰਕਾਸ਼ ਠਾਕੁਰ ਵਲੋਂ ਨਵਾਂ ਮਾਮਲਾ ਦਰਜ ਕਰਵਾਇਆ ਗਿਆ ਹੈ | ਪ੍ਰਕਾਸ਼ ਠਾਕੁਰ ਨੇ ਐੱਸ. ਐੱਸ. ਪੀ. ਮੁਹਾਲੀ ਕੋਲ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ 5 ਜਨਵਰੀ 2026 ਨੂੰ ਉਨ੍ਹਾਂ ਨੂੰ ਵਟਸਐਪ ਰਾਹੀਂ ਅੰਤਰਰਾਸ਼ਟਰੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ ਸਨ | ਕਾਲ ਕਰਨ ਵਾਲਿਆਂ ਵਲੋਂ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਨਾਲ ਹੀ 2 ਕਰੋੜ ਰੁ. ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ | ਸ਼ਿਕਾਇਤਕਰਤਾ ਮੁਤਾਬਿਕ ਧਮਕੀ ਵਾਲੀਆਂ ਕਾਲਾਂ +33 751472660 ਅਤੇ +351933506973 ਨੰਬਰਾਂ ਤੋਂ ਆਈਆਂ ਸਨ, ਜਿਸ ਕਾਰਨ ਉਹ ਅਤੇ ਉਸ ਦਾ ਪਰਿਵਾਰ ਭਾਰੀ ਦਹਿਸ਼ਤ 'ਚ ਹੈ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੰਬੰਧਿਤ ਧਾਰਾਵਾਂ ਤਹਿਤ ਐਫ਼. ਆਈ. ਆਰ. ਦਰਜ ਕਰਕੇ ਕਾਲਾਂ ਦੇ ਸ੍ਰੋਤ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ | ਸ਼ਿਕਾਇਤ ਨਾਲ ਕਾਲ ਲਾਗਜ਼ ਅਤੇ ਆਡੀਓ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪੀ ਗਈ ਹੈ | ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸਾਇਬਰ ਸੈੱਲ ਦੀ ਮਦਦ ਨਾਲ ਅੰਤਰਰਾਸ਼ਟਰੀ ਨੰਬਰਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫ਼ਿਰੌਤੀ ਮੰਗਣ ਵਾਲੇ ਗਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸ਼ਹਿਰ 'ਚ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ | ਸ਼ਹਿਰ 'ਚ ਇਸ ਤਰ੍ਹਾਂ ਦੀਆਂ ਕਾਲਾਂ ਹੋਰ ਵੀ ਕਈ ਲੋਕਾਂ ਨੂੰ ਆਈਆਂ ਹਨ, ਜਿਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਹਾਲੇ ਬਾਕੀ ਹੈ |