ਡੇਰਾਬੱਸੀ, 5 ਫਰਵਰੀ (ਰਣਬੀਰ ਸਿੰਘ ਪੜ੍ਹੀ)-ਚੰਡੀਗੜ੍ਹ-ਅੰਬਾਲਾ ਹਾਈਵੇਅ 'ਤੇ ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਜਨੇਤਪੁਰ ਨੇੜੇ ਧੂੰਏਾ ਦਾ ਇਕ ਵੱਡਾ ਗੁਬਾਰ ਦੇਖਣ ਨੂੰ ਮਿਲਿਆ, ਜੋ ਕਿ ਕਈ ਕਿੱਲੋਮੀਟਰ ਦੂਰ ਤੋਂ ਕਰੀਬ ਅੱਧੇ ਘੰਟੇ ਤੱਕ ਦਿਖਾਈ ਦਿੱਤਾ | ਰਾਹਗੀਰ ਅਤੇ ਸਥਾਨਕ ਲੋਕ ਇਸ ਨੂੰ ਕੋਈ ਵੱਡਾ ਅਗਨੀਕਾਂਡ ਸਮਝ ਕੇ ਸਹਿਮ ਗਏ, ਪਰ ਬਾਅਦ 'ਚ ਖੁਲਾਸਾ ਹੋਇਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਮਿਆਦ ਪੁੱਗ ਚੁੱਕੇ ਗੋਲਾ-ਬਾਰੂਦ ਕਾਰਨ ਹੀ ਅਸਮਾਨ 'ਚ ਧੂੰਏਾ ਦਾ ਗੁਬਾਰ ਬਣਿਆ ਸੀ, ਜਿਸ ਨੂੰ ਭੱਠੀਆਂ 'ਚ ਸਾੜ ਕੇ ਨਸ਼ਟ ਕੀਤਾ ਜਾ ਰਿਹਾ ਸੀ | ਹਾਲਾਂਕਿ ਇਹ ਧੂੰਆਂ ਨਜ਼ਦੀਕੀ ਫ਼ੌਜੀ ਡਿੱਪੂ ਤੋਂ ਉੱਠਦਾ ਜਾਪ ਰਿਹਾ ਸੀ, ਪਰ ਕੋਈ ਵੀ ਅਧਿਕਾਰੀ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੋਇਆ | ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ 'ਅਜੀਤ' ਦੀ ਟੀਮ ਪਿੰਡ ਜਨੇਤਪੁਰ ਪਹੁੰਚੀ ਤਾਂ ਉਥੋਂ ਦਾ ਨਜ਼ਾਰਾ ਕੁਝ ਹੋਰ ਹੀ ਸੀ | ਦੂਰ-ਦੂਰ ਤੱਕ ਖੇਤਾਂ 'ਚ ਫ਼ਸਲਾਂ ਲਹਿਰਾ ਰਹੀਆਂ ਸਨ ਅਤੇ ਪਰਾਲੀ ਸਾੜਨ ਦਾ ਨਾਮੋ-ਨਿਸ਼ਾਨ ਤੱਕ ਨਹੀਂ ਸੀ | ਉਥੋਂ ਦੇ ਕਿਸਾਨਾਂ, ਹਾਈਵੇਅ 'ਤੇ ਸਥਿਤ ਢਾਬਾ ਮਾਲਕਾਂ ਅਤੇ ਵਰਕਸ਼ਾਪ ਵਾਲਿਆਂ ਨੇ ਸਪੱਸ਼ਟ ਕੀਤਾ ਕਿ ਇਹ ਧੂੰਆਂ ਫ਼ੌਜੀ ਡਿੱਪੂ 'ਚੋਂ ਹੀ ਨਿਕਲਦਾ ਹੈ | ਲੋਕਾਂ ਮੁਤਾਬਿਕ ਕੁਝ ਹਫ਼ਤੇ ਪਹਿਲਾਂ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਸੀ | ਜਦੋਂ ਇਸ ਸੰਬੰਧੀ ਡੇਰਾਬੱਸੀ ਫਾਇਰ ਬਿ੍ਗੇਡ ਨਾਲ ਸੰਪਰਕ ਕੀਤਾ ਗਿਆ ਤਾਂ ਦੱਪਰ ਫਾਇਰ ਬਿ੍ਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ 'ਵ੍ਹਾਈਟ ਫਾਸਫੋਰਸ' ਹੈ, ਜੋ ਕਿ ਆਊਟਡੇਟਿਡ ਹੋਣ 'ਤੇ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਭੱਠੀਆਂ 'ਚ ਸਾੜਿ੍ਹਆ ਜਾਂਦਾ ਹੈ | ਪਰ ਜਦੋਂ ਪੱਤਰਕਾਰ ਨੇ ਆਪਣੀ ਪਛਾਣ ਦੱਸ ਕੇ ਦੱਪਰ ਫਾਇਰ ਅਫ਼ਸਰ ਤੋਂ ਇਸ ਬਾਰੇ ਰਸਮੀ ਤੌਰ 'ਤੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਚੁੱਪੀ ਧਾਰ ਲਈ | ਅਧਿਕਾਰਤ ਜਾਣਕਾਰੀ ਲਈ ਦਿੱਤੇ ਗਏ ਨੰਬਰ 'ਤੇ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਕਿਸੇ ਨੇ ਫ਼ੋਨ ਨਹੀਂ ਚੁੱਕਿਆ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨਵਜੋਤ ਸਿੰਗਲਾ ਨੇ ਕਿਹਾ ਕਿ ਵੀਡੀਓ ਰਾਹੀਂ ਇਹ ਮਾਮਲਾ ਪਹਿਲੀ ਵਾਰ ਉਨ੍ਹਾਂ ਦੇ ਧਿਆਨ 'ਚ ਆਇਆ ਹੈ | ਉਨ੍ਹਾਂ ਕਿਹਾ ਕਿ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਅਸਮਾਨ 'ਚ ਧੂੰਆਂ ਨਹੀਂ ਛੱਡਿਆ ਜਾ ਸਕਦਾ | ਧੂੰਆਂ ਕਿੰਨਾ ਜ਼ਹਿਰੀਲਾ ਹੈ ਅਤੇ ਕੌਣ ਛੱਡ ਰਿਹਾ ਹੈ, ਇਸ ਦੀ ਜਾਂਚ ਲਈ ਸ਼ੁੱਕਰਵਾਰ ਨੂੰ ਟੀਮ ਭੇਜੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |