ਮਾਜਰੀ, 24 ਫਰਵਰੀ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਦੇ ਸਾਲਾਨਾ ਹੋਲੇ-ਮਹੱਲੇ ਦੇ ਪਹਿਲੇ ਦਿਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਅਤੇ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਉਪਰੰਤ ਨਗਰ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਪਿੰਡ ਦੀਆਂ ਬਰੂਹਾਂ 'ਚੋਂ ਦੀ ਹੁੰਦਾ ਹੋਇਆ ਸ਼ਾਮ ਦੇ ਕਰੀਬ 6 ਵਜੇ ਮੁੜ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੇ ਪੂਰੇ ਰਸਤੇ ਵੱਖ-ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਹਰਿਜਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇਸ ਮੌਕੇ ਨੌਜਵਾਨਾਂ ਵਲੋਂ ਮਾਰਸ਼ਲ ਆਰਟ ਗਤਕੇ ਦੇ ਜੌਹਰ ਵੀ ਦਿਖਾਏ ਗਏ | ਨਗਰ ਕੀਰਤਨ ਦੇ ਰਸਤੇ 'ਚ ਜਿਥੇ ਗੁਰੂ-ਘਰ ਦੇ ਸ਼ਰਧਾਲੂਆਂ ਵਲੋਂ ਪੰਜ ਪਿਆਰਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਉਥੇ ਹੀ ਸੰਗਤਾਂ ਲਈ ਚਾਹ-ਬਰੈੱਡ ਤੇ ਮਠਿਆਈਆਂ ਆਦਿ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਖਿਜ਼ਰਾਬਾਦ, ਮਨਦੀਪ ਸਿੰਘ ਖਿਜ਼ਰਾਬਾਦ, ਗੁਰਮੀਤ ਸਿੰਘ ਮੀਆਂਪੁਰ ਚੰਗਰ, ਪ੍ਰੀਤਮ ਸਿੰਘ ਅਕਾਲੀ, ਅਮਰ ਸਿੰਘ ਅਕਾਲੀ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਸਤਨਾਮ ਸਿੰਘ ਸੱਤਾ, ਬਲਬੀਰ ਸਿੰਘ ਮੰਗੀ, ਅਵਤਾਰ ਸਿੰਘ, ਇਕਬਾਲ ਸਿੰਘ, ਭੁਪਿੰਦਰ ਸਿੰਘ, ਕਿ੍ਪਾਲ ਸਿੰਘ ਸਾਬਕਾ ਚੇਅਰਮੈਨ, ਮਾ. ਹਰਮਿੰਦਰ ਸਿੰਘ ਖਿਜ਼ਰਾਬਾਦ ਤੇ ਜਸਪਾਲ ਸਿੰਘ ਪਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਅੰਤ 'ਚ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਸੰਗਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ |