ਚੰਡੀਗੜ੍ਹ, 24 ਫ਼ਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ 26 ਫਰਵਰੀ ਨੂੰ ਆਪਣੇ ਪਹਿਲੇ ਸੀ. ਐੱਸ. ਐੱਨ. ਏ. ਪੁਰਸਕਾਰ ਸਮਾਰੋਹ ਕਰਨ ਜਾ ਰਹੀ ਹੈ, ਜਿਸ ਵਿਚ ਕਲਾ ਤੇ ਸੱਭਿਆਚਾਰ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਪ੍ਰਸਿੱਧ ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ | ਇਹ ਜਾਣਕਾਰੀ ਅਕੈਡਮੀ ਦੀ ਚੇਅਰਪਰਸਨ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ), ਵਾਈਸ-ਚੇਅਰਮੈਨ ਡਾ. ਅਮਿਤ ਗੰਗਾਨੀ ਅਤੇ ਸਕੱਤਰ ਰਾਜਿੰਦਰ ਕੁਮਾਰ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਵੱਕਾਰੀ ਸਮਾਗਮ ਕਲਾ, ਸੱਭਿਆਚਾਰ, ਸੰਗੀਤ, ਥੀਏਟਰ ਅਤੇ ਪ੍ਰਦਰਸ਼ਨ ਕਲਾ ਵਿਚ ਟਰਾਈਸਿਟੀ ਖੇਤਰ ਵਿਚ ਉੱਤਮਤਾ ਦਾ ਜਸ਼ਨ ਮਨਾਏਗਾ | ਸਮਾਰੋਹ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਉੱਘੇ ਕਲਾਕਾਰਾਂ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸ਼ਾਮ ਦਾ ਇਕ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਦੀ ਗਾਇਕੀ ਲਾਈਵ ਪੇਸ਼ਕਾਰੀ ਹੋਵੇਗੀ | ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਗੁਲਾਬ ਚੰਦ ਕਟਾਰੀਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ |