ਚੰਡੀਗੜ੍ਹ, 25 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਸੈਸ਼ਨ 2026-27 ਲਈ ਗੈਰ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ (ਗੈਰ ਘੱਟ ਗਿਣਤੀ) ਸਕੂਲਾਂ ਵਿਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈ.ਡਬਲਿਊ.ਐੱਸ.) ਤੇ ਵੰਚਿਤ ਵਰਗ (ਡੀ.ਜੀ.) ਦੇ ਬੱਚਿਆਂ ਦੇ ਦਾਖ਼ਲਿਆਂ ਲਈ ਲੱਕੀ ਡਰਾਅ ਕੱਢੇ ਗਏ | ਇਸ ਡਰਾਅ ਦੀ ਪ੍ਰੀਕ੍ਰਿਆ ਰਾਹੀਂ ਵੱਖ ਵੱਖ ਸਕੂਲਾਂ ਵਿਚ ਕਰੀਬ 874 ਬੱਚਿਆਂ ਨੂੰ ਦਾਖ਼ਲੇ ਦਿੱਤੇ ਗਏ | ਸਿੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਦਾ ਅਧਿਕਾਰ ਐਕਟ 2009 ਦੇ ਅਨੁਸਾਰ ਨਵੇਂ ਵਿੱਦਿਅਕ ਸੈਸ਼ਨ ਲਈ ਆਨ ਲਾਇਨ ਪੋਰਟਲ ਦੇ ਰਾਹੀਂ ਸਕੂਲਾਂ ਵਿਚ ਦਾਖ਼ਲਿਆਂ ਦੀ ਪ੍ਰੀਕ੍ਰਿਆ ਪੂਰੀ ਕੀਤੀ ਗਈ | ਆਨ ਲਾਇਨ ਪ੍ਰਣਾਲੀ ਰਾਹੀਂ ਅੱਜ ਕੀਤੇ ਗਏ ਲੱਕੀ ਡਰਾਅ ਦੁਆਰਾ ਸ਼ਹਿਰ ਵਿਚ ਸਥਿਤ ਗੈਰ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ (ਗੈਰ ਘੱਟ ਗਿਣਤੀ) ਸਕੂਲਾਂ ਵਿਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਅਤੇ ਵੰਚਿਤ ਵਰਗ ਦੇ ਬੱਚਿਆਂ ਨੂੰ ਦਾਖ਼ਲੇ ਦਿੱਤੇ ਗਏ | ਵੱਖ ਵੱਖ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਲੈਵਲ 1 ਦੀਆਂ 799 ਸੀਟਾਂ, ਪ੍ਰੀ ਪ੍ਰਾਇਮਰੀ ਲੈਵਲ 2 ਦੀਆਂ 35 ਸੀਟਾਂ ਅਤੇ ਪ੍ਰੀ ਪ੍ਰਾਇਮਰੀ ਲੈਵਲ 3 ਦੀਆਂ 40 ਸੀਟਾਂ ਲਈ ਦਰਖਾਸਤਾਂ ਦੇਣ ਵਾਲੇ ਬੱਚਿਆਂ ਦੀ ਚੋਣ ਕੀਤੀ ਗਈ | ਸਿੱਖਿਆ ਵਿਭਾਗ ਯੂ.ਟੀ. ਚੰਡੀਗੜ੍ਹ ਨੇ ਲੱਕੀ ਡਰਾਅ ਰਾਹੀਂ ਸਕੂਲਾਂ ਵਿਚ ਸੀਟ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ 26 ਫਰਵਰੀ ਤੋਂ ਲੈ ਕੇ 9 ਮਾਰਚ ਤੱਕ ਸੰਬੰਧਿਤ ਸਕੂਲਾਂ ਵਿਚ ਜਾ ਕੇ ਬੱਚੇ ਦੀ ਦਾਖਲਾ ਪ੍ਰੀਕ੍ਰਿਆ ਪੂਰੀ ਕੀਤੀ ਜਾਵੇ |