ਚੰਡੀਗੜ੍ਹ,25 ਫ਼ਰਵਰੀ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਅੱਜ ਉੱਚ ਪੱਧਰੀ ਭੂ-ਸਥਾਨਕ ਖੇਤਰਾਂ ਵਿਚ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਵੇ ਆਫ਼ ਇੰਡੀਆ ਨਾਲ ਇਕ ਸਮਝੌਤਾ ਯਾਦਦਾਸ਼ਤ (ਐੱਮ.ਓ.ਯੂ.) 'ਤੇ ਦਸਤਖ਼ਤ ਕੀਤੇ | ਐੱਮ. ਓ. ਯੂ. ਤੇ ਸਰਵੇ ਆਫ਼ ਇੰਡੀਆ ਵਲੋਂ ਗੌਰਵ ਕੁਮਾਰ ਸਿੰਘ ਸੁਪਰਿੰਟੈਂਡੈਂਟ ਆਫ਼ ਸਰਵੇਅਰ ਡਾਇਰੈਕਟਰ ਕਰੰਟ ਡਿਊਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਨਿਸ਼ਾਂਤ ਵਰਮਾ ਅਤੇ ਹਰੀਸ਼ ਮਿੱਤਲ ਡਿਪਟੀ ਸੁਪਰਿੰਟੈਂਡੈਂਟ ਆਫ਼ ਸਰਵੇਅਰ ਵੀ ਮੌਜ਼ੂਦ ਸਨ | ਪੈੱਕ ਵਲੋਂ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਪ੍ਰੋ. ਰਾਜੇਸ਼ ਕੁਮਾਰ ਕਾਂਡਾ ਹੈਡ ਐਲੁਮਨਾਈ ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼, ਪ੍ਰੋ. ਐੱਸ.ਕੇ. ਸਿੰਘ ਹੈਡ ਸਿਵਲ ਇੰਜੀਨੀਅਰਿੰਗ ਵਿਭਾਗ, ਪ੍ਰੋ. ਹਰਅਮਿ੍ਤ ਸਿੰਘ ਸੰਧੂ, ਡਾ. ਜਿੰਮੀ ਕਰਲੂਪੀਆ ਅਤੇ ਡਾ. ਅਰਸ਼ਦੀਪ ਸਿੰਘ ਮੌਜ਼ੂਦ ਸਨ | ਇਹ ਐੱਮ. ਓ. ਯੂ. ਤਹਿਤ ਸਾਂਝੇ ਖੋਜ ਅਤੇ ਵਿਕਾਸ ਕਾਰਜ, ਸਰਵੇ ਆਫ਼ ਇੰਡੀਆ ਨੂੰ ਅਕਾਦਮਿਕ ਸਹਿਯੋਗ ਅਤੇ ਯੋਗ ਅਧਿਕਾਰੀਆਂ ਨੂੰ ਪੈੱਕ ਵਿਚ ਪੋਸਟਗ੍ਰੈਜੂਏਟ ਅਤੇ ਪੀ.ਐੱਚ.ਡੀ. ਵਰਗੇ ਉੱਚ ਅਧਿਐਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ | ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਕਿਹਾ ਕਿ ਅਜਿਹੇ ਰਣਨੀਤਕ ਸਹਿਯੋਗ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧੀ ਹੁਨਰ ਅਤੇ ਵਿਹਾਰਕ ਅਨੁਭਵ ਦੇਣ ਵਿਚ ਮਦਦਗਾਰ ਸਾਬਤ ਹੁੰਦੇ ਹਨ | ਪ੍ਰੋ. ਐੱਸ. ਕੇ. ਸਿੰਘ ਨੇ ਇਸ ਸਾਂਝੇਦਾਰੀ ਤੋਂ ਦੋਵਾਂ ਸੰਸਥਾਵਾਂ ਨੂੰ ਮਿਲਣ ਵਾਲੇ ਪਰਸਪਰ ਲਾਭਾਂ ਉੱਤੇ ਜ਼ੋਰ ਦਿੱਤਾ | ਜਦਕਿ ਪ੍ਰੋ. ਰਾਜੇਸ਼ ਕੁਮਾਰ ਕਾਂਡਾ ਨੇ ਲਾਗੂ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਵਿਚ ਉਦਯੋਗਕ ਸਹਿਯੋਗ ਦੀ ਮਹੱਤਤਾ ਨੂੰ ਉਭਾਰਿਆ ਜਾਵੇਗਾ | ਗੌਰਵ ਕੁਮਾਰ ਸਿੰਘ ਨੇ ਵੀ ਇਸ ਸਹਿਯੋਗ ਪ੍ਰਤੀ ਆਸ਼ਾਵਾਦ ਜਤਾਉਂਦਿਆਂ ਕਿਹਾ ਕਿ ਅਜਿਹੀਆਂ ਅਕਾਦਮਿਕ ਭਾਈਚਾਰਕ ਸਾਂਝਾਂ ਭੂ-ਸਥਾਨਕ ਖੋਜ ਅਤੇ ਸਮਰੱਥਾ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਉਨ੍ਹਾਂ ਨੇ ਸਰਵੇ ਆਫ਼ ਇੰਡੀਆ ਅਤੇ ਪੀ. ਈ. ਸੀ. ਵਿਚਕਾਰ ਲੰਬੇ ਸਮੇਂ ਦੇ ਸਹਿਯੋਗ ਦੀ ਆਸ ਜਤਾਈ | ਇਹ ਸਹਿਯੋਗ ਪ੍ਰਭਾਵਸ਼ਾਲੀ ਖੋਜ, ਸਮਰੱਥਾ ਵਿਕਾਸ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਨਵੇਂ ਰਾਹ ਖੋਲ੍ਹੇਗਾ ਅਤੇ ਖੋਜ-ਆਧਾਰਿਤ ਸਿੱਖਿਆ ਅਤੇ ਰਾਸ਼ਟਰੀ ਵਿਕਾਸ ਪ੍ਰਤੀ ਪੀ. ਈ. ਸੀ. ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ |