ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਸਦਨ 'ਚ ਪੇਸ਼ ਕੀਤਾ 2026-27 ਦਾ ਬਜਟ <br/>
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਵਜੋਂ ਸਾਲ 2026-27 ਦਾ ਰਾਜ ਬਜਟ ਪੇਸ਼ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ
<br/>
03-03-2026
ਚੰਡੀਗੜ੍ਹ, 2 ਮਾਰਚ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਬਤੌਰ ਵਿੱਤ ਮੰਤਰੀ ਵਿਧਾਨ ਸਭਾ 'ਚ ਸਾਲ 2026-27 ਦਾ ਬਜਟ ਪੇਸ਼ ਕਰਦਿਆਂ ਰਾਜ ਦੇ ਸਮੁੱਚੇ, ਸੰਤੁਲਿਤ ਅਤੇ ਤੇਜ਼ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਕਿਹਾ ਕਿ ਇਹ ਬਜਟ ਸਿਰਫ਼ ਸਾਲਾਨਾ ਆਮਦਨ-ਖ਼ਰਚ ਦਾ ਦਸਤਾਵੇਜ਼ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ-2047' ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਹਰਿਆਣਾ ਦੇ ਸੁਨਹਿਰੀ ਭਵਿੱਖ ਦਾ ਇੱਕ ਮਜ਼ਬੂਤ ਖ਼ਾਕਾ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਦਾ ਕੁੱਲ ਖ਼ਰਚਾ 2025-26 (ਸੋਧੇ ਹੋਏ ਅਨੁਮਾਨ) ਵਿੱਚ 2,02,816.66 ਕਰੋੜ ਰੁਪਏ ਸੀ, ਜਿਸ ਨੂੰ 2026-27 ਵਿੱਚ ਵਧਾ ਕੇ 2,23,658.17 ਕਰੋੜ ਰੁਪਏ ਕੀਤਾ ਗਿਆ ਹੈ | ਇਹ ਲਗਭਗ 10.3 ਪ੍ਰਤੀਸ਼ਤ ਦਾ ਵਾਧਾ ਹੈ, ਜੋ ਦਰਸਾਉਂਦਾ ਹੈ ਕਿ ਸਰਕਾਰ ਵਿਕਾਸ ਅਤੇ ਵਿੱਤੀ ਅਨੁਸ਼ਾਸਨਦੋਵਾਂ ਵਿਚਕਾਰ ਸੰਤੁਲਨ ਬਣਾਏ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਖੇਤੀਬਾੜੀ ਅਤੇ ਸੰਬੰਧਿਤ ਸੇਵਾਵਾਂ ਦਾ ਬਜਟ 7,651.13 ਕਰੋੜ ਰੁਪਏ ਤੋਂ ਵਧਾ ਕੇ 8,319.77 ਕਰੋੜ ਰੁਪਏ ਕੀਤਾ ਗਿਆ ਹੈ, ਜਿਸ 'ਚ 8.74 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਧੇ ਅਤੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕੇ | ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦਾ ਬਜਟ 562.19 ਕਰੋੜ ਤੋਂ ਵਧਾ ਕੇ 741.55 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ ਲਗਭਗ 32 ਪ੍ਰਤੀਸ਼ਤ ਵੱਧ ਹੈ | ਸਹਿਕਾਰਤਾ ਵਿਭਾਗ ਵਿੱਚ 1,156.37 ਕਰੋੜ ਤੋਂ ਵਧਾ ਕੇ 1,970 ਕਰੋੜ ਰੁਪਏ ਦੀ ਵਿਵਸਥਾ ਕਰਕੇ 70 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਲਈ ਬਜਟ 21,368.10 ਕਰੋੜ ਤੋਂ ਵਧਾ ਕੇ 23,603.69 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ 10.46 ਪ੍ਰਤੀਸ਼ਤ ਦਾ ਵਾਧਾ ਹੈ | ਯੁਵਾ ਸਸ਼ਕਤੀਕਰਨ, ਹੁਨਰ ਵਿਕਾਸ ਅਤੇ ਰੁਜ਼ਗਾਰ ਵਿਭਾਗ ਦਾ ਬਜਟ 1,101.44 ਕਰੋੜ ਤੋਂ ਵਧਾ ਕੇ 1,512.21 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਵਿੱਚ 37.29 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ | ਸਿਹਤ, ਮੈਡੀਕਲ ਸਿੱਖਿਆ ਅਤੇ ਪਰਿਵਾਰ ਭਲਾਈ ਦੇ ਬਜਟ ਨੂੰ 11,507.11 ਕਰੋੜ ਤੋਂ ਵਧਾ ਕੇ 14,007.28 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ 21.73 ਪ੍ਰਤੀਸ਼ਤ ਵੱਧ ਹੈ | ਗ੍ਰਹਿ, ਨਾਗਰਿਕ ਸੁਰੱਖਿਆ ਅਤੇ ਜੇਲ੍ਹ ਵਿਭਾਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਬਜਟ 7,904.99 ਕਰੋੜ ਤੋਂ ਵਧਾ ਕੇ 8,475.01 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਵਿੱਚ 7.21 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ | ਊਰਜਾ ਵਿਭਾਗ ਦੇ ਬਜਟ ਨੂੰ 8,671.37 ਕਰੋੜ ਤੋਂ ਸਮਾਯੋਜਿਤ ਕਰਕੇ 6,868 ਕਰੋੜ ਰੁਪਏ ਕੀਤਾ ਗਿਆ ਹੈ | ਸਮਾਜਿਕ ਨਿਆਂ, ਪਿਛੜਾ ਵਰਗ ਅਤੇ ਅੰਤੋਦਿਆ ਵਿਭਾਗ ਦਾ ਬਜਟ 14,905.24 ਕਰੋੜ ਤੋਂ ਵਧਾ ਕੇ 17,250.72 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਵਿੱਚ 15.74 ਪ੍ਰਤੀਸ਼ਤ ਦਾ ਵਾਧਾ ਹੈ |
ਮੁੱਖ ਮੰਤਰੀ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬਜਟ 'ਚ ਵੀ 14.91 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ | ਇਸ ਵਾਰ ਦਾ ਬਜਟ 1,969.65 ਕਰੋੜ ਤੋਂ ਵਧਾ ਕੇ 2,263.29 ਕਰੋੜ ਰੁਪਏ ਕੀਤਾ ਗਿਆ ਹੈ | ਇਸੇ ਤਰ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਦਾ ਬਜਟ 7,083.17 ਕਰੋੜ ਤੋਂ ਵਧਾ ਕੇ 8,703.74 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਵਿੱਚ 22.88 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ | ਟਰਾਂਸਪੋਰਟ ਅਤੇ ਨਾਗਰਿਕ ਹਵਾਬਾਜ਼ੀ ਵਿਭਾਗ ਲਈ ਬਜਟ 3,654.54 ਕਰੋੜ ਤੋਂ ਵਧਾ ਕੇ 4,116.13 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ 12.63 ਪ੍ਰਤੀਸ਼ਤ ਵੱਧ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਕਿ 2047 ਤੱਕ ਭਾਰਤ ਇੱਕ ਵਿਕਸਿਤ ਰਾਸ਼ਟਰ ਬਣੇ | ਹਰਿਆਣਾ ਸਰਕਾਰ ਉਸੇ ਵਿਜ਼ਨ ਨਾਲ ਕੰਮ ਕਰ ਰਹੀ ਹੈ |