ਚੰਡੀਗੜ੍ਹ 'ਚ ਮਕਾਨ ਤੋਂ ਦੁਕਾਨ ਤੱਕ ਜਾਇਦਾਦ ਹੋਵੇਗੀ ਮਹਿੰਗੀ
ਅਜੀਤ ਡੈਸਕ
03-03-2026
ਵੀ.ਆਈ.ਪੀ ਅਤੇ ਪ੍ਰਾਈਮ ਸੈਕਟਰਾਂ 'ਚ ਹੋ ਸਕਦਾ ਸਭ ਤੋਂ ਜ਼ਿਆਦਾ ਵਾਧਾ
ਸੈਕਟਰ 1 ਤੋਂ 11 ਵਰਗੇ ਪ੍ਰਾਈਮ ਅਤੇ ਵੀ.ਆਈ.ਪੀ. ਇਲਾਕਿਆਂ ਵਿਚ ਕਲੈਕਟਰ ਦਰਾਂ 'ਚ 20 ਤੋਂ 25 ਫੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ | ਇੱਥੇ ਪਹਿਲਾਂ ਹੀ ਜਾਇਦਾਦ ਦੀਆਂ ਕੀਮਤਾਂ ਉੱਚ ਪੱਧਰ 'ਤੇ ਹਨ ਅਤੇ ਮੰਗ ਲਗਾਤਾਰ ਵਧ ਰਹੀ ਹੈ | ਮੱਧ ਵਰਗ ਵਾਲੇ ਸੈਕਟਰਾਂ ਜਿਵੇਂ 15, 16, 18, 19 ਅਤੇ 20 ਤੋਂ 30 ਤੱਕ ਦੇ ਇਲਾਕਿਆਂ 'ਚ ਵੀ 15 ਤੋਂ 20 ਫੀਸਦੀ ਵਾਧੇ ਦੀ ਸੰਭਾਵਨਾ ਹੈ, ਜਦਕਿ ਬਾਹਰੀ ਸੈਕਟਰਾਂ ਅਤੇ ਮਨੀਮਾਜਰਾ ਖੇਤਰ
ਵਚ ਲਗਭਗ 12 ਤੋਂ 18 ਫੀਸਦੀ ਤੱਕ ਵਾਧਾ ਹੋ ਸਕਦਾ ਹੈ |
ਵਪਾਰਕ ਜਾਇਦਾਦਾਂ 'ਤੇ ਪੈ ਸਕਦਾ ਵੱਧ ਅਸਰ
ਚੰਡੀਗੜ੍ਹ ਦੇ ਪ੍ਰਮੁੱਖ ਵਪਾਰਕ ਕੇਂਦਰਾਂ 'ਚ ਦੁਕਾਨਾਂ ਅਤੇ ਬੂਥਾਂ ਦੇ ਕਲੈਕਟਰ ਦਰਾਂ 'ਚ ਸਭ ਤੋਂ ਵੱਡੀ ਛਾਲ ਆ ਸਕਦੀ ਹੈ | ਸੈਕਟਰ-17, ਸੈਕਟਰ-22 ਅਤੇ ਸੈਕਟਰ-35 ਵਰਗੀਆਂ ਮਾਰਕੀਟਾਂ 'ਚ ਕਮਰਸ਼ੀਅਲ ਜਾਇਦਾਦ ਦੀ ਮੰਗ ਵਧਣ ਕਾਰਨ ਪ੍ਰਸ਼ਾਸਨ ਵਲੋਂ ਦਰਾਂ 'ਚ ਵਾਧਾ ਲਾਜ਼ਮੀ ਮੰਨਿਆ ਜਾ ਰਿਹਾ ਹੈ |
ਰਜਿਸਟਰੀ ਕਰਵਾਉਣ ਵਾਲਿਆਂ 'ਤੇ ਵਧੇਗਾ ਬੋਝ
ਕੁਲੈਕਟਰ ਰੇਟ ਵਧਣ ਨਾਲ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਆਪਣੇ ਆਪ ਵਧ ਜਾਵੇਗੀ | ਇਸ ਕਾਰਨ ਘਰ ਜਾਂ ਦੁਕਾਨ ਖ਼ਰੀਦਣ ਵਾਲਿਆਂ ਨੂੰ ਲੱਖਾਂ ਰੁਪਏ ਵੱਧ ਖ਼ਰਚ ਕਰਨੇ ਪੈ ਸਕਦੇ ਹਨ | ਪ੍ਰਾਪਰਟੀ ਡੀਲਰਾਂ ਦਾ ਮੰਨਣਾ ਹੈ ਕਿ ਨਵੇਂ ਰੇਟ ਲਾਗੂ ਹੋਣ ਤੋਂ ਪਹਿਲਾਂ ਰਜਿਸਟਰੀਆਂ ਵਿਚ ਅਚਾਨਕ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ |
ਪ੍ਰਸ਼ਾਸਨ ਦਾ ਪੱਖ
ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਕੁਲੈਕਟਰ ਰੇਟਾਂ ਨੂੰ ਮਾਰਕੀਟ ਮੁੱਲ ਦੇ ਨੇੜੇ ਲਿਆਉਣਾ ਜ਼ਰੂਰੀ ਹੈ ਤਾਂ ਜੋ ਜਾਇਦਾਦ ਦੀ ਖਰੀਦ-ਫਰੋਖ਼ਤ 'ਚ ਪਾਰਦਰਸ਼ਤਾ ਬਣੀ ਰਹੇ ਅਤੇ ਸਰਕਾਰੀ ਆਮਦਨ ਵਿਚ ਵਾਧਾ ਹੋ ਸਕੇ | ਪਿਛਲੇ ਕਈ ਸਾਲਾਂ ਤੋਂ ਦਰਾਂ ਵਿਚ ਵੱਡੀ ਤਬਦੀਲੀ ਨਹੀਂ ਕੀਤੀ ਗਈ |
ਅਲਾਂਤੇ ਮਾਲ 'ਚ ਵੀ ਕੀਤਾ ਜਾ ਰਿਹਾ ਵਾਧਾ
ਇੰਡਸਟਰੀਅਲ ਏਰੀਆ ਫੇਜ਼ 1 'ਚ ਸਥਿਤ ਅਲਾਂਤੇ ਮਾਲ ਦੇ ਗਰਾਊਾਡ ਫਲੋਰ ਲਈ ਕੁਲੈਕਟਰ ਰੇਟ ਪਹਿਲਾਂ 15 ਹਜ਼ਾਰ ਰੁਪਏ ਪ੍ਰਤੀ ਵਰਗ ਫੁੱਟ ਸੀ, ਅਤੇ ਇਸ ਨੂੰ ਵਧਾ ਕੇ 50,562 ਰੁਪਏ ਪ੍ਰਤੀ ਵਰਗ ਫੁੱਟ ਕਰਨ ਦਾ ਪ੍ਰਸਤਾਵ ਹੈ | ਪਹਿਲੀ ਮੰਜ਼ਿਲ ਦੀ ਦਰ 13,860 ਤੋਂ ਵਧਾ ਕੇ 19,581 ਰੁਪਏ ਪ੍ਰਤੀ ਵਰਗ ਫੁੱਟ ਕਰ ਦਿੱਤੀ ਗਈ ਹੈ | ਦੂਜੀ ਮੰਜ਼ਿਲ 'ਤੇ ਥੋੜ੍ਹਾ ਜਿਹਾ ਵਾਧਾ ਹੋਇਆ ਹੈ, 13,000 ਤੋਂ ਲਗਭਗ 13,800 ਪ੍ਰਤੀ ਵਰਗ ਫੁੱਟ |
ਵੀ.ਆਈ.ਪੀ. ਮਾਰਕੀਟ ਅਤੇ ਵਪਾਰਕ ਖੇਤਰ
ਸ਼ਹਿਰ ਦੇ ਮੁੱਖ ਸੈਕਟਰਾਂ, 8, 15, 19, 22, 34, 35, 171, ਅਤੇ 175 ਵਿਚ ਕੁਲੈਕਟਰ ਰੇਟ ਪਹਿਲਾਂ 5,54,400 ਪ੍ਰਤੀ ਵਰਗ ਗਜ਼ ਸੀ | ਇਹ ਦਰ ਹੁਣ ਲਗਭਗ 5,92,100 ਪ੍ਰਤੀ ਵਰਗ ਗਜ਼ ਤੱਕ ਵਧਾ ਦਿੱਤੀ ਜਾ ਰਹੀ ਹੈ | ਸੈਕਟਰ 7, 9, 10, 11, 16, 18, 20, 21, 26 ਅਤੇ 32 ਵਿਚ ਵੀ ਦਰਾਂ ਵਧਾਈਆਂ ਗਈਆਂ ਹਨ | ਮਨੀਮਾਜਰਾ ਮੋਟਰ ਮਾਰਕੀਟ ਵਿਚ ਵਪਾਰਕ ਬੂਥਾਂ ਲਈ ਦਰ 2,20,600 ਰੁਪਏ ਪ੍ਰਤੀ ਵਰਗ ਗਜ਼ ਤੋਂ ਵਧਾ ਕੇ 2,33,454 ਕਰ ਦਿੱਤੀ ਗਈ ਹੈ | ਸ਼ੋਅਰੂਮਾਂ ਅਤੇ ਐਸ.ਸੀ.ਓ/ਐਸ.ਸੀ.ਐਫ ਸਾਈਟਾਂ ਲਈ ਵੀ ਮਹੱਤਵਪੂਰਨ ਵਾਧੇ ਦਾ ਪ੍ਰਸਤਾਵ ਹੈ |
ਰਿਹਾਇਸ਼ੀ ਖੇਤਰ 'ਚ ਵਾਧਾ
ਸੈਕਟਰ 1 ਤੋਂ 12 ਦੇ ਵੀ.ਆਈ.ਪੀ ਰਿਹਾਇਸ਼ੀ ਖੇਤਰ ਵਿਚ ਕੁਲੈਕਟਰ ਰੇਟ ਪਹਿਲਾਂ 1,78,600 ਰੁਪਏ ਪ੍ਰਤੀ ਵਰਗ ਗਜ਼ ਸੀ, ਜਿਸ ਨੂੰ ਵਧਾ ਕੇ ਲਗਭਗ 2.37,803 ਰੁਪਏ ਕਰ ਦਿੱਤਾ ਗਿਆ ਹੈ | ਸੈਕਟਰ 14 ਤੋਂ 37 'ਚ ਦਰ 1,47,600 ਰੁਪਏ ਤੋਂ ਵਧਾ ਕੇ ਲਗਭਗ 1,81,280 ਰੁਪਏ ਪ੍ਰਤੀ ਵਰਗ ਗਜ਼ ਕਰਨ ਦਾ ਪ੍ਰਸਤਾਵ ਹੈ | ਸੈਕਟਰ 38 ਤੋਂ 61 ਵਿਚ ਦਰ ਪਹਿਲਾਂ 1.28,200 ਰੁਪਏ ਸੀ, ਜਿਸ ਨੂੰ ਵਧਾ ਕੇ 1,33,102 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤਾ ਗਿਆ ਹੈ | ਮਨੀਮਾਜਰਾ ਦੇ ਰਿਹਾਇਸ਼ੀ ਖੇਤਰ ਵਿਚ ਦਰ 13.850 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧਾ ਕੇ 16,690 ਰੁਪਏ ਪ੍ਰਤੀ ਵਰਗ ਫੁੱਟ ਕਰ ਦਿੱਤੀ ਗਈ ਹੈ |