ਐੱਸ. ਏ. ਐੱਸ. ਨਗਰ, 2 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਕੋਰਵਾਸ (ਕਮੇਟੀ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਜ ਐਂਡ ਸੁਸਾਇਟੀਆਂ ਮੈਗਾ, ਮੁਹਾਲੀ) ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਹੇਠ ਹੋਈ, ਜਿਸ 'ਚ ਟੀ. ਡੀ. ਆਈ. 117, ਸੀ. ਆਰ.-74, ਆਂਸਲ -114 ਤੇ 116, ਸੰਨੀ ਬਸੰਤ ਸਮੇਤ ਵੱਖ-ਵੱਖ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਇਸ ਮੌਕੇ 200 ਫੁੱਟ ਪੀ .ਆਰ.-6 ਦੇ ਨਿਰਮਾਣ ਕਰਨ ਦੀ ਮੰਗ ਨੂੰ ਲੈ ਕੇ 7 ਮਾਰਚ ਨੂੰ ਸਵੇਰੇ 11 ਵਜੇ ਟੀ. ਡੀ. ਆਈ. ਹਾਊਸ ਸੈਕਟਰ 119 ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਸੰਬੰਧੀ ਪ੍ਰਧਾਨ ਸਰਾਓ ਨੇ ਦੱਸਿਆ ਕਿ ਪੀ. ਆਰ.-6, ਜੋ ਸੈਕਟਰ 117-74, 116-92 ਅਤੇ 118-119 ਵਿਚਕਾਰ 200 ਫੁੱਟ ਚੌੜੀ ਮੁੱਖ ਸੰਪਰਕ ਸੜਕ ਹੈ, ਦਾ ਲੰਬੇ ਸਮੇਂ ਤੋਂ ਨਿਰਮਾਣ ਰੁਕਿਆ ਹੋਇਆ ਹੈ, ਜਦਕਿ ਬਿਲਡਰ ਨੇ 2015 ਦੀ ਮੁਆਵਜ਼ਾ ਨੀਤੀ ਹੇਠ ਇਸਦਾ ਲਾਭ ਪ੍ਰਾਪਤ ਕਰਕੇ ਪ੍ਰਾਜੈਕਟ ਦੀ ਮਾਰਕੀਟਿੰਗ ਦੌਰਾਨ ਪੀ. ਆਰ.-6 ਨੂੰ ਮੁੱਖ ਸੰਪਰਕ ਸੜਕ ਵਜੋਂ ਦਰਸਾਇਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੜਕ ਦਾ ਨਿਰਮਾਣ ਰੋਕਿਆ ਹੋਇਆ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲਿਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਬਿਲਡਰ ਤੁਰੰਤ ਗਮਾਡਾ ਨੂੰ ਸੜਕ ਬਣਾਉਣ ਦੀ ਇਜਾਜ਼ਤ ਦੇਵੇ ਜਾਂ ਆਪਣੇ ਖਰਚੇ 'ਤੇ ਸੜਕ ਦਾ ਨਿਰਮਾਣ ਸ਼ੁਰੂ ਕਰਵਾਏ ਅਤੇ ਨਿਰਧਾਰਿਤ ਸਮਾਂ-ਸੀਮਾ ਦਾ ਐਲਾਨ ਕਰੇ |